ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਸਿੱਖਿਆ ਖੇਤਰ ਨਾਲ ਸਬੰਧਿਤ ਦੋ ਵੱਡੇ ਫੈਸਲੇ ਲਏ ਹਨ। ਇਸ ਤਹਿਤ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਵਧਾਉਣ ‘ਤੇ ਪਾਬੰਦੀ ਲਾ ਦਿੱਤੀ ਹੈ। ਇਸ ਸੈਸ਼ਨ ਵਿੱਚ ਹੋਣ ਵਾਲੇ ਦਾਖਲਿਆਂ ਤੇ ਫੀਸਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕੋਈ ਵੀ ਸਕੂਲ ਕਿਸੇ ਵਿਸ਼ੇਸ਼ ਦੁਕਾਨ ਤੋਂ ਕਿਤਾਬਾਂ ਤੇ ਵਰਦੀ ਖਰੀਦਣ ਲਈ ਨਹੀਂ ਕਹੇਗਾ। ਮਾਪੇ ਆਪਣੀ ਸਹੂਲਤ ਅਨੁਸਾਰ ਕਿਤਾਬਾਂ ਤੇ ਵਰਦੀ ਖਰੀਦ ਸਕਣਗੇ।
ਸੀ.ਐੱਮ. ਮਾਨ ਨੇ ਕਿਹਾ ਕਿ ਇਹ ਹੁਕਮ ਅੱਜ ਹੀ ਪ੍ਰਾਈਵੇਟ ਸਕੂਲਾਂ ਨੂੰ ਭੇਜ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਫੀਸ ਵਧਾਉਣ ਦੀ ਪਾਲਿਸੀ ਮਾਪਿਆਂ, ਸਕੂਲ ਦੇ ਪ੍ਰਿੰਸੀਪਲਾਂ ਜਾਂ ਫਿਰ ਮਾਲਕਾਂ ਨਾਲ ਬੈਠ ਕੇ ਡਿਸਕਸ ਕੀਤੀ ਜਾਵੇਗੀ ਤੇ ਫਿਰ ਇਸ ‘ਤੇ ਕੋਈ ਫੈਸਲਾ ਲਿਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਫੀਸ ਵਧਾਉਣ ਦੀ ਪਾਲਿਸੀ ਬਾਰੇ ਅਸੀਂ ਆਉਣ ਵਾਲੇ ਦਿਨਾਂ ਵਿੱਚ ਵਿਸਥਾਰ ਸਹਿਤ ਜਾਣਕਾਰੀ ਦੇਵਾਂਗੇ। ਡਿਟੇਲ ਪਾਲਿਸੀ ਬਹੁਤ ਜਲਦ ਪੰਜਾਬ ਦੇ ਲੋਕਾਂ ਦੇ ਸਾਹਮਣੇ ਹੋਵੇਗੀ।