ਪੰਜਾਬ ਸਰਕਾਰ ਨੇ ਇੱਕ ਵੱਡਾ ਫੈਸਲਾ ਲੈਦਿਆ ਸੂਬੇ ਵਿੱਚ ਸਰਕਾਰੀ ਨੌਕਰੀਆਂ ਲਈ ਪੰਜਾਬੀ ਲਾਜ਼ਮੀ ਕਰ ਦਿੱਤੀ ਗਈ ਹੈ। ਇਸ ਗੱਲ ਦਾ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਨੌਕਰੀਆਂ ਲਈ ਪੰਜਾਬੀ ਦਾ ਟੈਸਟ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਦੇ ਟੈਸਟ ਵਿੱਚ ਘੱਟੋ-ਘੱਟ 50 ਫੀਸਦੀ ਅੰਕਾਂ ਦੀ ਲੋੜ ਹੋਵੇਗੀ। ਮਾਨ ਨੇ ਕਿਹਾ ਕਿ ਮਾਂ ਬੋਲੀ ਪੰਜਾਬੀ ਸਾਰੀ ਦੁਨੀਆਂ ਵਿੱਚ ਸਾਡੀ ਪਹਿਚਾਣ ਹੈ। ਸਾਡੀ ਸਰਕਾਰ ਦਾ ਮੁੱਖ ਉਦੇਸ਼ ਪੰਜਾਬੀ ਨੂੰ ਹਰ ਪਾਸਿਓਂ ਪ੍ਰਫੁੱਲਤ ਕਰਨਾ ਹੈ।
ਪੰਜਾਬ ਪੰਜਾਬੀਅਤ ਪਹਿਲਾਂ!
ਸਰਕਾਰੀ ਨੌਕਰੀਆਂ ਲਈ ਯੋਗਤਾ ਟੈਸਟ ‘ਚ ਮਾਂ ਬੋਲੀ ਪੰਜਾਬੀ ਨੂੰ ਲਾਜ਼ਮੀ ਕੀਤਾ ਹੈ…ਟੈਸਟ ‘ਚ ਘੱਟੋ-ਘੱਟ 50% ਅੰਕ ਲਾਜ਼ਮੀ ਹੋਣਗੇ।
ਮਾਂ-ਬੋਲੀ ਪੰਜਾਬੀ ਪੂਰੀ ਦੁਨੀਆ ‘ਚ ਸਾਡੀ ਪਹਿਚਾਣ ਹੈ…ਪੰਜਾਬੀ ਨੂੰ ਹਰ ਪੱਖੋਂ ਪ੍ਰਫੁੱਲਿਤ ਕਰਨਾ ਸਾਡੀ ਸਰਕਾਰ ਦਾ ਉਦੇਸ਼ ਹੈ
— Bhagwant Mann (@BhagwantMann) May 25, 2022
ਪੰਜਾਬ ਸਰਕਾਰ ਦਾ ਇਹ ਹੁਕਮ ਗਰੁੱਪ ਸੀ ਅਤੇ ਡੀ ਦੀ ਸਰਕਾਰੀ ਭਰਤੀ ‘ਤੇ ਲਾਗੂ ਹੋਵੇਗਾ। ਕਲੈਰੀਕਲ ਸਟਾਫ਼ ਗਰੁੱਪ ਸੀ ਵਿੱਚ ਆਵੇਗਾ। ਇਸ ਦੇ ਨਾਲ ਹੀ ਡੀ ਵਿੱਚ ਚਪੜਾਸੀ, ਸਵੀਪਰ ਵਰਗੇ ਦਰਜਾ ਚਾਰ ਕਰਮਚਾਰੀ ਆਉਣਗੇ। ਪੰਜਾਬ ਸਰਕਾਰ ਦੇ ਇਸ ਹੁਕਮ ਨਾਲ ਪੰਜਾਬੀ ਮੂਲ ਦੇ ਜਾਂ ਸਕੂਲਾਂ ‘ਚ ਪੰਜਾਬੀ ਪੜ੍ਹਨ ਵਾਲੇ ਲੋਕਾਂ ਨੂੰ ਇਨ੍ਹਾਂ ਅਸਾਮੀਆਂ ‘ਤੇ ਨੌਕਰੀ ਦੇ ਹੋਰ ਮੌਕੇ ਮਿਲਣਗੇ।
ਪੰਜਾਬ ਦੀ ਮਾਨ ਸਰਕਾਰ 26,754 ਅਸਾਮੀਆਂ ‘ਤੇ ਸਰਕਾਰੀ ਭਰਤੀ ਕਰ ਰਹੀ ਹੈ। ਇਸ ਪੱਖੋਂ ਇਹ ਬਹੁਤ ਵੱਡਾ ਫੈਸਲਾ ਹੈ। ਇਨ੍ਹਾਂ ‘ਚੋਂ ਕਈ ਅਸਾਮੀਆਂ ‘ਤੇ ਭਰਤੀ ਹੋ ਚੁੱਕੀ ਹੈ। ਅਜੇ ਬਹੁਤ ਸਾਰੇ ਇਸ਼ਤਿਹਾਰ ਆਉਣੇ ਬਾਕੀ ਹਨ। ਸਰਕਾਰ ਨੇ ਇਹ ਕਦਮ ਇਸ ਲਈ ਚੁੱਕਿਆ ਹੈ ਤਾਂ ਜੋ ਪੰਜਾਬੀਆਂ ਦੀ ਥਾਂ ਬਾਹਰਲੇ ਲੋਕਾਂ ਨੂੰ ਇਹ ਨੌਕਰੀਆਂ ਨਾ ਮਿਲਣ। ਇਨ੍ਹਾਂ ਅਸਾਮੀਆਂ ‘ਤੇ ਸਭ ਤੋਂ ਵੱਧ ਗਿਣਤੀ ਸਿਰਫ ਗਰੁੱਪ ਸੀ ਅਤੇ ਡੀ ਸ਼੍ਰੇਣੀ ਦੀ ਹੈ।