ਪ੍ਰਸਿੱਧ ਗਾਇਕ ਸਵਰਗੀ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਨੌਜਵਾਨ ਗਾਇਕ ਦੇ ਤੁਰ ਜਾਣ ਨਾਲ ਪਰਿਵਾਰਕ ਮੈਂਬਰਾਂ ਅਤੇ ਉਨ੍ਹਾਂ ਦੇ ਚਾਹੁਣ ਵਾਲਿਆਂ ਨੂੰ ਗਹਿਰਾ ਸਦਮਾ ਪਹੁੰਚਿਆ ਅਤੇ ਕਦੇ ਨਾ ਪੂਰਾ ਹੋ ਸਕਣ ਵਾਲਾ ਘਾਟਾ ਹੈ। ਸਿੱਧੂ ਮੂਸੇਵਾਲਾ ਨਮਿੱਤ ਭੋਗ ਅਤੇ ਅੰਤਿਮ ਅਰਦਾਸ ਮੌਕੇ ਮੁੱਖ ਮੰਤਰੀ ਦੀ ਤਰਫੋਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਪਰਿਵਾਰ ਨੂੰ ਸ਼ੋਕ ਸੰਦੇਸ਼ ਸੌਂਪਿਆ ਗਿਆ ਜਿਸ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਨੌਜਵਾਨ ਗਾਇਕ ਦੀ ਦਿਲ ਦਹਿਲਾਉਣ ਵਾਲੀ ਅਤੇ ਬੇਵਕਤੀ ਮੌਤ ਨੇ ਪਰਿਵਾਰ ਦੇ ਮੈਂਬਰਾਂ ਅਤੇ ਦੁਨੀਆ ਭਰ ਵਿਚ ਉਨ੍ਹਾਂ ਦੇ ਚਾਹੁਣ ਵਾਲਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੁੱਖ ਦੀ ਇਸ ਘੜੀ ਵਿੱਚ ਪਰਿਵਾਰ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਸਮੁੱਚੀ ਸੂਬਾ ਸਰਕਾਰ ਸੰਗੀਤ ਜਗਤ ਦੇ ਹੀਰੇ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੀ ਹੈ ਜਿਸ ਨੇ ਸੰਗੀਤ ਅਤੇ ਮੋਨਰੰਜਨ ਦੇ ਖੇਤਰ ਵਿਚ ਆਪਣੇ ਦਮ ਉਤੇ ਮੁਕਾਮ ਹਾਸਲ ਕੀਤਾ।
ਸੀ.ਐੱਮ. ਮਾਨ ਨੇ ਕਿਹਾ ਕਿ ਸ਼ੁਭਦੀਪ ਨੇ ਪਿੰਡ ਦੀ ਮਿੱਟੀ ਨੂੰ ਸਰਹੱਦਾਂ ਤੋਂ ਪਾਰ ਪਹੁੰਚਾਇਆ। ਮਾਤਾ-ਪਿਤਾ ਦਾ ਪਰਛਾਵਾਂ ਬਣ ਕੇ ਰਹਿਣ ਦੀ ਜੀਵਨ ਜਾਂਚ ਨੇ ਸਭ ਨੂੰ ਟੂੰਬਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹ ਕੌਮਾਂਤਰੀ ਪੱਧਰ ‘ਤੇ ਫੇਮਸ ਹੋਣ ਦੇ ਬਾਵਜੂਦ ਵੀ ਪਿੰਡ ‘ਚ ਰਹੇ। ਮੂਸੇਵਾਲਾ ਦੀ ਮੌਤ ਉਨ੍ਹਾਂ ਦੇ ਫੈਨਜ਼ ਲਈ ਇਹ ਡੂੰਘਾ ਸਦਮਾ ਹੈ। ਮੈਂ ਇਸ ਦੀ ਦੁੱਖ ਦੀ ਘੜੀ ਨਾਲ ਪਰਿਵਾਰ ਦੇ ਨਾਲ ਹਾਂ। ਮੈਂ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਹਾਂ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਦੇਣ ਅਤੇ ਭਾਣਾ ਮੰਨਣ ਦਾ ਬਲ ਬਖਸ਼ਣ। ਦੱਸ ਦੇਈਏ ਕਿ ਅੱਜ ਸਿੱਧੂ ਮੂਸੇਵਾਲਾ ਦੇ ਭੋਗ ਸਮਾਗਮ ‘ਤੇ ਅੱਜ ਦੂਰੋਂ-ਦੂਰੋਂ ਲੋਕ ਪਹੁੰਚੇ, ਜਿਨ੍ਹਾਂ ਵਿੱਚ ਉਨ੍ਹਾਂ ਦੇ ਦੋਸਤ, ਰਿਸ਼ਤੇਦਾਰ, ਕਲਕਾਰ ਤੇ ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਪ੍ਰਸ਼ੰਸਕ ਸ਼ਾਮਲ ਸਨ। ਪ੍ਰਸ਼ੰਸਕਾਂ ਨੇ ਅੱਖਾਂ ਵਿੱਚ ਹੰਝੂਆਂ ਨਾਲ ਮੂਸੇਵਾਲਾ ਨੂੰ ਅੰਤਿਮ ਵਿਦਾਈ ਦਿੱਤੀ।