ਪੰਜਾਬ ਦੇ ਪੁਲਿਸ ਵਿਭਾਗ ਨੂੰ CM ਮਾਨ ਦੇ ਵੱਲੋਂ ਮੰਗਲਵਾਰ ਨੂੰ ਇੱਕ ਵੱਡੀ ਸੌਗਾਤ ਦਿੱਤੀ ਗਈ ਹੈ। ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੰਜਾਬ ਪੁਲਿਸ ਦੇ ਬੇੜੇ ਵਿੱਚ ਸ਼ਾਮਿਲ ਕੀਤੇ ਗਏ ਨਵੇਂ 98 ਐਮਰਜੈਂਸੀ ਰਿਸਪਾਂਸ ਵਾਹਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਹੈ। ਇਨ੍ਹਾਂ ਵਿੱਚ 86 ਮਹਿੰਦਰਾ ਬੋਲੇਰੋ ਅਤੇ 12 ਮਾਰੂਤੀ ਕ੍ਰਿਤੀਗਾ ਕਾਰਾਂ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਾਹਨਾਂ ਵਿੱਚ ਮੋਬਾਈਲ ਡਾਟਾ ਟਰਮੀਨਲ ਅਤੇ ਜੀ.ਪੀ.ਐਸ. ਸਿਸਟਮ ਹਨ। ਇਸ ਨਾਲ ਜਦੋਂ ਵੀ ਕੋਈ 112 ਹੈਲਪਲਾਈਨ ਨੰਬਰ ਡਾਇਲ ਕਰਦਾ ਹੈ ਅਤੇ ਮਦਦ ਮੰਗਦਾ ਹੈ, ਤਾਂ ਪੁਲਿਸ ਨੂੰ ਮੌਕੇ ‘ਤੇ ਪਹੁੰਚਣ ਲਈ ਲੱਗਣ ਵਾਲਾ ਸਮਾਂ ਘਟਾਇਆ ਜਾ ਸਕਦਾ ਹੈ।
ਨਵੀਆਂ ਹਾਈਟੈੱਕ ਐਮਰਜੈਂਸੀ ਰਿਸਪਾਂਸ ਗੱਡੀਆਂ ਨੂੰ ਹਰੀ ਝੰਡੀ ਦਿਖਾਉਂਦਿਆਂ ਸੀਐਮ ਮਾਨ ਨੇ ਕਿਹਾ ਕਿ ਪੰਜਾਬ ਦੇ ਸਰਹੱਦੀ ਸੂਬਾ ਹੋਣ ਕਾਰਨ ਬਹੁਤ ਸਾਰੇ ਗੈਰ-ਸਮਾਜਿਕ ਤੱਤ ਇਸ ‘ਤੇ ਬੁਰੀ ਨਜ਼ਰ ਰੱਖਦੇ ਹਨ ਅਤੇ ਇਸ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਹਨ, ਜਿਸ ਨੂੰ ਪੰਜਾਬ ਪੁਲਸ ਬਹੁਤ ਬਹਾਦਰੀ ਨਾਲ ਨਾਕਾਮ ਕਰਦੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਲਈ ਪੰਜਾਬ ਪੁਲਿਸ ਨੂੰ ਅਪਡੇਟ ਕਰਨਾ ਅਤੇ ਸਮੇਂ ਦਾ ਹਾਣੀ ਬਣਾਉਣਾ ਬੇਹੱਦ ਜ਼ਰੂਰੀ ਹੈ ਕਿਉਂਕਿ ਪੁਰਾਣੇ ਯੰਤਰ ਇੰਨੇ ਕਾਰਗਾਰ ਸਾਬਿਤ ਨਹੀਂ ਹੁੰਦੇ।
ਸੀਐਮ ਮਾਨ ਨੇ ਕਿਹਾ ਕਿ ਮੁੰਬਈ ਵਿੱਚ ਗੂਗਲ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਸੀ, ਤਾਂ ਜੋ ਪੁਲਿਸ ਦੇ ਆਧੁਨਿਕੀਕਰਨ ਦਾ ਕੰਮ ਕੀਤਾ ਜਾ ਸਕੇ। ਆਉਣ ਵਾਲੇ ਸਮੇਂ ਵਿੱਚ ਪੰਜਾਬ ਪੁਲਿਸ ਨੂੰ ਆਧੁਨਿਕ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਪੁਲਿਸ ਨਾਲ ਸਬੰਧਤ ਕਈ ਕੰਮ ਕੀਤੇ ਜਾਣਗੇ। ਇਨ੍ਹਾਂ ਵਿੱਚੋਂ 41 ਕਰੋੜ ਰੁਪਏ ਸੰਚਾਰ ਪ੍ਰਣਾਲੀ ਲਈ ਜਾਰੀ ਕੀਤੇ ਗਏ ਹਨ। ਇਸ ਤੋਂ ਵਾਇਰਲੈੱਸ ਸਾਫਟਵੇਅਰ ਵੀ ਖਰੀਦੇ ਜਾ ਸਕਦੇ ਹਨ। ਸਾਈਬਰ ਦੇ ਮਾਮਲੇ ‘ਚ ਵੀ ਅਸੀਂ ਪੂਰੀ ਤਰ੍ਹਾਂ ਅਪਡੇਟ ਹੋਵਾਂਗੇ ਅਤੇ ਇਸ ਦੇ ਲਈ 30 ਕਰੋੜ ਰੁਪਏ ਖ਼ਰਚੇ ਗਏ ਹਨ। ਇਸ ਦੌਰਾਨ CM ਮਾਨ ਨੇ ਕਿਹਾ ਕਿ ਪੰਜਾਬ ਪੁਲਿਸ ਨੂੰ ਬਜਟ ਦੀ ਕੋਈ ਕਮੀ ਨਹੀਂ ਰੱਖੀ ਜਾਵੇਗੀ। ਪੰਜਾਬ ਦੀ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਬਿਲਕੁਲ ਨਹੀਂ ਟੁੱਟਣ ਦਿੱਤਾ ਜਾਵੇਗਾ। ਇਸ ਮੌਕੇ ਕੇਂਦਰ ‘ਤੇ ਨਿਸ਼ਾਨਾ ਵਿੰਨ੍ਹਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਤੋਂ ਕੇਂਦਰ ‘ਚ ਭਾਜਪਾ ਸਰਕਾਰ ਆਈ ਹੈ ਤਾਂ ਸੂਬਿਆਂ ਤੋਂ ਉਨ੍ਹਾਂ ਦੇ ਹੱਕ ਲਗਾਤਾਰ ਖੋਹੇ ਜਾ ਰਹੇ ਹਨ। ਭਾਣਜੇ ਵੱਲੋਂ 2 ਕਰੋੜ ਦੀ ਰਿਸ਼ਵਤ ਲਏ ਜਾਣ ਦੇ ਮਾਮਲੇ ‘ਚ ਸਾਬਕਾ ਮੁੱਖ ਮੰਤਰੀ ਚੰਨੀ ਦੇ ਬਿਆਨ ਦਾ ਜਵਾਬ ਦਿੰਦਿਆਂ ਬਾਰੇ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ 2-4 ਦਿਨ ਹੋਰ ਲਾ ਕੇ ਭਾਣਜਿਆਂ ਅਤੇ ਭਤੀਜਿਆਂ ਨੂੰ ਪੁੱਛ ਲੈਣ ਕਿਉਂਕਿ ਹੋ ਸਕਦਾ ਕਿ ਉਹ ਚੰਨੀ ਸਾਹਿਬ ਨੂੰ ਪੁੱਛੇ ਬਿਨਾਂ ਕੰਮ ਕਰਦੇ ਹੋਣ, ਨਹੀਂ ਤਾਂ ਉਨ੍ਹਾਂ ਨੇ ਖਿਡਾਰੀ ਸਾਹਮਣੇ ਲੈ ਆਉਣਾ ਹੈ ਤਾਂ ਫਿਰ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਆਵੇਗਾ।