ਊਨਾ-ਚੰਡੀਗੜ੍ਹ ਰੋਡ ‘ਤੇ ਕੀਰਤਪੁਰ ਸਾਹਿਬ ਨੇੜੇ ਨਕੀਆ ਪਿੰਡ ‘ਚ ਸਥਿਤ ਟੋਲ ਪਲਾਜ਼ਾ ਦਾ ਕਾਰਜਕਾਲ ਖਤਮ ਹੋਣ ‘ਤੇ ਸ਼ਨੀਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਪੁੱਜੇ ਅਤੇ ਟੋਲ ਪਲਾਜ਼ਾ ਨੂੰ ਬੰਦ ਕਰਨ ਦਾ ਰਸਮੀ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਸ ਨਾਲ ਲੋਕਾਂ ਦੀਆਂ ਜੇਬਾਂ ’ਤੇ ਪਿਆ ਵੱਡਾ ਬੋਝ ਦੂਰ ਹੋਇਆ ਹੈ। ਸ਼ਨੀਵਾਰ ਨੂੰ ਮੁੱਖ ਮੰਤਰੀ ਦੇ ਟੋਲ ਪਲਾਜ਼ਾ ‘ਤੇ ਪਹੁੰਚਣ ਤੋਂ ਪਹਿਲਾਂ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਸਵਾਗਤ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਸਨ।
ਸੀਐਮ ਮਾਨ ਸਵੇਰੇ ਕਰੀਬ 10 ਵਜੇ ਟੋਲ ਪਲਾਜ਼ਾ ‘ਤੇ ਪੁੱਜੇ ਅਤੇ ਰਸਮੀ ਤੌਰ ‘ਤੇ ਬਟਨ ਦਬਾ ਕੇ ਟੋਲ ਪਲਾਜ਼ਾ ਦਾ ਬੈਰੀਕੇਡ ਉਠਾਇਆ। ਇਸ ਦੌਰਾਨ ਉਨ੍ਹਾਂ ਨਾਲ ਕੈਬਨਿਟ ਮੰਤਰੀ ਹਰਜੋਤ ਬੈਂਸ, ਵਿਧਾਇਕ ਦਿਨੇਸ਼ ਚੱਢਾ, ਵਿਧਾਇਕ ਚਰਨਜੀਤ ਸਿੰਘ ਚੰਨੀ ਹਾਜ਼ਿਰ ਸਨ। ਟੋਲ ਪਲਾਜ਼ਾ ਦਾ ਬਟਨ ਦਬਾਉਣ ਤੋਂ ਬਾਅਦ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਲੋਕਾਂ ਦੀ ਬੇਰਹਿਮੀ ਨਾਲ ਲੁੱਟ ਕੀਤੀ ਹੈ, ਆਪਣੇ ਫਾਇਦੇ ਲਈ ਮਿਲੀਭੁਗਤ ਨਾਲ ਇਸ ਟੋਲ ਪਲਾਜ਼ਾ ਦਾ ਸਮਾਂ ਵਧਾ ਦਿੱਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਇਸ ਟੋਲ ਪਲਾਜ਼ਾ ਦੇ ਬੰਦ ਹੋਣ ਨਾਲ ਜਨਤਾ ਦੇ ਸਿਰ ਤੋਂ ਇੱਕ ਦਿਨ ਦਾ ਕਰੀਬ 10 ਲੱਖ ਰੁਪਏ ਦਾ ਬੋਝ ਦੂਰ ਹੋ ਜਾਵੇਗਾ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਹੋਰ ਧਾਰਮਿਕ ਸਥਾਨਾਂ ‘ਤੇ ਮੱਥਾ ਟੇਕਣ ਆਉਣ ਵਾਲੇ ਸ਼ਰਧਾਲੂਆਂ ‘ਤੇ ਬੋਝ ਨਹੀਂ ਪਏਗਾ। ਉਨ੍ਹਾਂ ਦੱਸਿਆ ਕਿ ਇਸ ਟੋਲ ਪਲਾਜ਼ਾ ਦੇ ਦਸਤਾਵੇਜ਼ਾਂ ਦੀ ਜਾਂਚ ਕਰਨ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਕੰਪਨੀ ਨੇ ਨਿਰਧਾਰਿਤ ਸਮੇਂ ਤੋਂ ਕਈ ਵਾਰ ਕੰਮ ਵਿੱਚ ਦੇਰੀ ਕੀਤੀ ਹੈ, ਜਿਸ ਤਹਿਤ ਉਨ੍ਹਾਂ ਨੂੰ ਕਰੀਬ 67 ਕਰੋੜ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ।
ਕੀਰਤਪੁਰ ਸਾਹਿਬ-ਅਨੰਦਪੁਰ ਸਾਹਿਬ-ਨੰਗਲ-ਊਨਾ ਵਾਲਾ ਟੋਲ ਪਲਾਜ਼ਾ ਆਮ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਹੈ…ਲੋਕਾਂ ਦੇ ਪੈਸੇ ਦੀ ਲੁੱਟ ਕਿਸੇ ਕੀਮਤ ‘ਤੇ ਬਰਦਾਸ਼ਤ ਨਹੀਂ…
ਚਾਚੇ-ਭਤੀਜੇ ਦੀਆਂ ਸਰਕਾਰਾਂ ਨੇ ਲੋਕਾਂ ਨਾਲ ਧੋਖਾ ਕੀਤਾ ਤੇ ਲੁੱਟ ਜਾਰੀ ਰੱਖੀ ਪਰ ਹੁਣ ਲੋਕਾਂ ਦਾ ਰਾਜ ਹੈ…ਉਲਟਾ ਅਸੀਂ ਕੰਪਨੀ ਤੋਂ ₹67 cr. ਦਾ ਬਕਾਇਆ ਵਸੂਲਣਾ ਹੈ… pic.twitter.com/yfaL9tH5jk
— Bhagwant Mann (@BhagwantMann) April 1, 2023