ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। ਦਰਅਸਲ ਮੁੱਖ ਮੰਤਰੀ ਦੀ ਰਿਹਾਇਸ਼ ਦੇ ਨਵੀਨੀਕਰਨ ਮਾਮਲੇ ਦੀ ਜਾਂਚ ਸੀ.ਬੀ.ਆਈ. ਵੱਲੋਂ ਕੀਤੀ ਜਾਵੇਗੀ। ਇਸ ‘ਤੇ ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਭਾਜਪਾ ਨੇ ਪਾਰਟੀ (ਆਪ) ਨੂੰ ਖ਼ਤਮ ਕਰਨ ਲਈ ਆਪਣੀ ਪੂਰੀ ਤਾਕਤ ਲਗਾ ਦਿੱਤੀ ਹੈ। ਜਾਂਚ ‘ਚ ਕੁਝ ਨਹੀਂ ਮਿਲੇਗਾ। ਗ੍ਰਹਿ ਮੰਤਰਾਲੇ ਨੇ ਮੁੱਖ ਮੰਤਰੀ ਦੇ ਘਰ ਦੇ ਨਵੀਨੀਕਰਨ ਵਿੱਚ ਹੋਏ ਕਥਿਤ ਘਪਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਦਿੱਲੀ ਦੇ ਉਪ ਰਾਜਪਾਲ ਨੇ ਮਈ ਵਿੱਚ ਸੀਬੀਆਈ ਨੂੰ ਪੱਤਰ ਲਿਖ ਕੇ ਜਾਂਚ ਦੀ ਮੰਗ ਕੀਤੀ ਸੀ।
ਆਮ ਆਦਮੀ ਪਾਰਟੀ ਨੇ ਕਿਹਾ ਕਿ ਅੱਜ ਪੂਰੇ ਦੇਸ਼ ਵਿੱਚ ਸਿਰਫ਼ ਆਮ ਆਦਮੀ ਪਾਰਟੀ ਹੈ ਜੋ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਵਧੀਆ ਕੰਮ ਕਰਕੇ ਵੋਟਾਂ ਮੰਗ ਰਹੀ ਹੈ ਪਰ ਭਾਜਪਾ ਨਹੀਂ ਚਾਹੁੰਦੀ ਕਿ ਗਰੀਬਾਂ ਨੂੰ ਚੰਗੀ ਸਿੱਖਿਆ ਅਤੇ ਵਧੀਆ ਸਿਹਤ ਸਹੂਲਤਾਂ ਮਿਲਣ। ਇਸ ਨਾਲ ਭਾਜਪਾ ਦੀ ਧਰਮ ਅਤੇ ਜਾਤ ਦੀ ਰਾਜਨੀਤੀ ਨੂੰ ਕਰਾਰੀ ਹਾਰ ਹੋਵੇਗੀ। ਇਸ ਕਾਰਨ ਦੇਸ਼ ਦੇ ਸਰਵੋਤਮ ਸਿੱਖਿਆ ਅਤੇ ਸਿਹਤ ਮੰਤਰੀਆਂ ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਗਿਆ।
ਪਾਰਟੀ ਨੇ ਕਿਹਾ, ‘ਹੁਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਘੇਰਨ ਲਈ ਸਾਰੀਆਂ ਜਾਂਚ ਏਜੰਸੀਆਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ। ਪਰ ਦਿੱਲੀ ਦੇ ਦੋ ਕਰੋੜ ਲੋਕਾਂ ਦਾ ਪਿਆਰ ਤੇ ਅਸ਼ੀਰਵਾਦ ਅਰਵਿੰਦ ਕੇਜਰੀਵਾਲ ਨਾਲ ਹੈ। ਹੁਣ ਤੱਕ ਉਹ ਕੇਜਰੀਵਾਲ ਖਿਲਾਫ 50 ਤੋਂ ਵੱਧ ਕੇਸ ਦਰਜ ਕਰਕੇ ਜਾਂਚ ਕਰਵਾ ਚੁੱਕੇ ਹਨ। ਉਨ੍ਹਾਂ ਵਿੱਚੋਂ ਕਿਸੇ ਵਿੱਚ ਵੀ ਕੁਝ ਨਹੀਂ ਨਿਕਲਿਆ। ਇਸ ਤੋਂ ਵੀ ਕੁਝ ਨਹੀਂ ਨਿਕਲੇਗਾ। ਭਾਜਪਾ ਜਿੰਨੀ ਮਰਜ਼ੀ ਜਾਂਚ ਕਰੇ, ਅਰਵਿੰਦ ਕੇਜਰੀਵਾਲ ਆਮ ਆਦਮੀ ਦੇ ਹਿੱਤਾਂ ਲਈ ਲੜਦੇ ਰਹਿਣਗੇ। ਅਰਵਿੰਦ ਕੇਜਰੀਵਾਲ ਨੇ ਸਹੁੰ ਚੁੱਕੀ ਹੈ ਕਿ ਉਹ ਭਾਰਤ ਨੂੰ ਦੁਨੀਆ ਦਾ ਨੰਬਰ ਇਕ ਦੇਸ਼ ਬਣਾਉਣਗੇ। ਇਸ ਲਈ ਕੋਈ ਵੀ ਕੀਮਤ ਚੁਕਾਉਣ ਲਈ ਤਿਆਰ ਹਨ।
ਭਾਜਪਾ ਨੇ ਦੋਸ਼ ਲਾਇਆ ਸੀ ਕਿ 1 ਸਤੰਬਰ 2020 ਤੋਂ 30 ਸਤੰਬਰ 2021 ਤੱਕ ਕੋਵਿਡ ਪੀਰੀਅਡ ਦੌਰਾਨ ਕੇਜਰੀਵਾਲ ਨੇ ਆਪਣੇ ਘਰ ਅਤੇ ਦਫਤਰ ‘ਤੇ ਲਗਭਗ 45 ਕਰੋੜ ਰੁਪਏ ਖਰਚ ਕੀਤੇ ਸਨ। ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਸੀ ਕਿ ਰਿਹਾਇਸ਼ ਲਈ ਖਰੀਦੇ ਗਏ ਅੱਠ ਨਵੇਂ ਪਰਦਿਆਂ ਵਿੱਚੋਂ ਇੱਕ ਦੀ ਕੀਮਤ 7.94 ਲੱਖ ਰੁਪਏ ਤੋਂ ਵੱਧ ਹੈ। ਸਭ ਤੋਂ ਸਸਤਾ ਪਰਦਾ 3.57 ਲੱਖ ਰੁਪਏ ਦਾ ਹੈ। ਪਾਤਰਾ ਨੇ ਦੱਸਿਆ ਕਿ 1.15 ਕਰੋੜ ਰੁਪਏ ਤੋਂ ਵੱਧ ਦਾ ਸੰਗਮਰਮਰ ਵੀਅਤਨਾਮ ਤੋਂ ਲਿਆਂਦਾ ਗਿਆ ਸੀ।