ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਵੀ ਇੱਥੇ ਮੌਜੂਦ ਸਨ। ਚੰਨੀ ਨੇ ਕਾਂਗਰਸ ਹਾਈਕਮਾਨ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ, ‘ਕਾਂਗਰਸ ਨੇ ਇੱਕ ਆਮ ਆਦਮੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ। ਜਿੱਥੇ ਮੇਰਾ ਜਨਮ ਹੋਇਆ ਸੀ, ਉੱਥੇ ਛੱਤ ਨਹੀਂ ਸੀ। ਕਾਂਗਰਸ ਪਾਰਟੀ ਨੇ ਗਰੀਬਾਂ ਨੂੰ ਇੱਕ ਮੌਕਾ ਦਿੱਤਾ। ਮੇਰੇ ਕੋਲ ਇੰਨਾ ਰੁਤਬਾ ਨਹੀਂ ਸੀ।’ ਚਰਨਜੀਤ ਸਿੰਘ ਚੰਨੀ ਆਪਣੀ ਪਹਿਲੀ ਪ੍ਰੈਸ ਕਾਨਫਰੰਸ ਵਿੱਚ ਭਾਵੁਕ ਵੀ ਹੋਏ ਹਨ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਨੂੰ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਤੁਰੰਤ ਵਾਪਿਸ ਲੈਣ ਦੀ ਅਪੀਲ ਕਰਨਗੇ। ਜੇਕਰ ਇਹ ਕਾਨੂੰਨ ਵਾਪਿਸ ਨਾ ਲਏ ਗਏ ਤਾਂ ਖੇਤੀਬਾੜੀ ਖਤਮ ਹੋ ਜਾਵੇਗੀ ਅਤੇ ਪੰਜਾਬ ਦਾ ਹਰ ਪਰਿਵਾਰ ਪ੍ਰਭਾਵਿਤ ਹੋਵੇਗਾ। ਪੰਜਾਬ ਦੇ ਕਿਸਾਨਾਂ ਨੂੰ ਕਮਜ਼ੋਰ ਨਹੀਂ ਹੋਣ ਦੇਵੇਗਾ।
ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ, ‘ਇਹ ਕਿਸਾਨਾਂ ਦੀ ਸਰਕਾਰ ਹੈ। ਜੇਕਰ ਕਿਸਾਨਾਂ ਨੂੰ ਕੋਈ ਨੁਕਸਾਨ ਪਹੁੰਚਦਾ ਹੈ ਤਾਂ ਮੈਂ ਆਪਣਾ ਗਲਾ ਵੱਢ ਦਿਆਂਗਾ। ਜੇਕਰ ਕਿਸਾਨ ਡੁੱਬ ਗਿਆ ਤਾਂ ਦੇਸ਼ ਡੁੱਬ ਜਾਵੇਗਾ। ਅਰਥ ਵਿਵਸਥਾ ਡੁੱਬ ਜਾਵੇਗੀ। ਜੇਕਰ ਕਿਸਾਨੀ ਖੁਸ਼ਹਾਲ ਹੋਵੇਗੀ ਤਾਂ ਹੀ ਪੰਜਾਬ ਖੁਸ਼ਹਾਲ ਹੋਵੇਗਾ। ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਲਾਨ ਕੀਤਾ ਕਿ ਸਾਰੇ ਗਰੀਬਾਂ ਦੇ ਬਿੱਲ ਮੁਆਫ ਕੀਤੇ ਜਾਣਗੇ, ਇਹ ਫੈਸਲਾ ਕੈਬਨਿਟ ਵਿੱਚ ਪਾਸ ਕੀਤਾ ਜਾਵੇਗਾ। ਹਰ ਕਿਸੇ ਦਾ ਪੁਰਾਣਾ ਬਿੱਲ ਮਾਫ ਕਰ ਦਿੱਤਾ ਜਾਵੇਗਾ। ਕਾਂਗਰਸ ਹਾਈਕਮਾਨ ਨੇ ਸਾਨੂੰ ਪੰਜਾਬ ਲਈ 18 ਮੁੱਦੇ ਦਿੱਤੇ ਹਨ, ਅਸੀਂ ਇਸ ਕਾਰਜਕਾਲ ਵਿੱਚ ਇਸ ਨੂੰ ਪੂਰਾ ਕਰਾਂਗੇ। ਪੰਜਾਬ ਦੇ ਨਵੇਂ ਮੁੱਖ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਕਿਸਾਨਾਂ ਦੇ ਬਿਜਲੀ ਦੇ ਕੁਨੈਕਸ਼ਨ ਕੱਟੇ ਗਏ ਹਨ ਉਨ੍ਹਾਂ ਦੇ ਸਾਰੇ ਕੁਨੈਕਸ਼ਨ ਬਹਾਲ ਕੀਤੇ ਜਾਣਗੇ।
ਹੜਤਾਲ ‘ਤੇ ਗਏ ਸਾਰੇ ਕਰਮਚਾਰੀਆਂ ਨੂੰ ਅਪੀਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਕਹਿਣਾ ਮੰਨਦਿਆਂ ਹਰ ਕਿਸੇ ਨੂੰ ਕੰਮ ‘ਤੇ ਵਾਪਿਸ ਕੰਮ ‘ਤੇ ਆਉਣਾ ਚਾਹੀਦਾ ਹੈ, ਕੁੱਝ ਸਮਾਂ ਦੇਣਾ ਚਾਹੀਦਾ ਹੈ ਅਤੇ ਉਨ੍ਹਾਂ ਦੀਆਂ ਚਿੰਤਾਵਾਂ ਦਾ ਹੱਲ ਹੋ ਜਾਵੇਗਾ।ਪੰਜਾਬ ਦੇ ਨਵੇਂ ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਸਕੱਤਰਾਂ ਨੂੰ ਹੁਕਮ ਜਾਰੀ ਕੀਤੇ ਜਾਣਗੇ, ਅਤੇ ਹਫਤੇ ਵਿੱਚ ਦੋ ਦਿਨ ਜਨਤਕ ਸ਼ਿਕਾਇਤਾਂ ਦੀ ਸੁਣਵਾਈ ਕੀਤੀ ਜਾਵੇਗੀ। ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਕਿਸਾਨਾਂ ਅਤੇ ਆਮ ਲੋਕਾਂ ਨੂੰ ਨਾਲ ਲੈ ਚੱਲਿਆ ਜਾਵੇਗਾ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਦੂਰ ਕੀਤਾ ਜਾਵੇਗਾ।