ਪੰਜਾਬ ‘ਚ ਜਿਵੇਂ-ਜਿਵੇਂ ਵਿਧਾਨ ਸਭਾ ਚੋਣਾਂ ਨਜਦੀਕ ਆ ਰਹੀਆਂ ਨੇ ਓਦਾਂ-ਓਦਾਂ ਸੂਬੇ ਦਾ ਸਿਆਸੀ ਪਾਰਾ ਵੀ ਚੜ੍ਹਦਾ ਜਾ ਰਿਹਾ ਹੈ। ਇਸ ਦੌਰਾਨ ਪੰਜਾਬ ਦੀ ਸਿਆਸਤ ‘ਚ ਇੱਕ ਹੋਰ ਮੋੜ ਆਇਆ ਹੈ। ਦਰਅਸਲ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਹਾਈਕਮਾਨ ਵੱਲੋਂ ਉਮੀਦਵਾਰਾਂ ਦੇ ਐਲਾਨ ਪਿੱਛੋਂ ਬਗਾਵਤ ‘ਤੇ ਉੱਤਰੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਡਾ. ਮਨੋਹਰ ਸਿੰਘ ਹੁਣ ਬੱਸੀ ਪਠਾਣਾਂ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ। ਉਨ੍ਹਾਂ ਨੇ ਅੱਜ ਚੋਣ ਕਮਿਸ਼ਨ ਵਿੱਚ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ।
ਦੱਸ ਦੇਈਏ ਕਿ ਉਹ ਟਿਕਟ ਦੇ ਚਾਹਵਾਨ ਸਨ ਪਰ ਕਾਂਗਰਸ ਨੇ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ। ਮੁੱਖ ਮੰਤਰੀ ਚਰਨਜੀਤ ਚੰਨੀ ਨੇ ਦਾਅਵਾ ਕੀਤਾ ਸੀ ਕਿ ਉਹ ਆਪਣੇ ਭਰਾ ਨੂੰ ਮਨਾ ਲੈਣਗੇ ਪਰ ਡਾ. ਮਨੋਹਰ ਸਿੰਘ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਲਈ ਦ੍ਰਿੜ੍ਹ ਹਨ।