ਪੰਜਾਬ ‘ਚ ਹੋਏ ਸਿਆਸੀ ਤਖਤਾ ਪਲਟ ਤੋਂ ਬਾਅਦ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਗਾਤਾਰ ਵੱਖ-ਵੱਖ ਥਾਵਾਂ ‘ਤੇ ਪਹੁੰਚ ਰਹੇ ਹਨ। ਇਸ ਦੌਰਾਨ ਉਨ੍ਹਾਂ ਦਾ ਵੱਖਰਾ ਅੰਦਾਜ਼ ਵੀ ਦੇਖਣ ਨੂੰ ਮਿਲ ਰਿਹਾ ਹੈ। ਉੱਥੇ ਹੀ ਬੁੱਧਵਾਰ ਨੂੰ ਵੀ ਨਵੇਂ ਮੁੱਖ ਮੰਤਰੀ ਇੱਕ ਅਲਗ ਹੀ ਅੰਦਾਜ਼ ਵਿੱਚ ਨਜ਼ਰ ਆਏ। ਦਰਅਸਲ ਮੁੱਖ ਮੰਤਰੀ ਨੇ ਸੁਰੱਖਿਆ ਦਾ ਘੇਰਾ ਤੋੜਦੇ ਹੋਏ ਡੀਏਵੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ ਹੈ।
ਸੀਐਮ ਚੰਨੀ ਦਾ ਬੁੱਧਵਾਰ ਨੂੰ ਡੇਰਾ ਸੱਚਖੰਡ ਬੱਲਾਂ ਵਿਖੇ ਮੱਥਾ ਟੇਕਣ ਦਾ ਪ੍ਰੋਗਰਾਮ ਸੀ। ਇਸਦੇ ਲਈ ਉਨ੍ਹਾਂ ਦੇ ਹੈਲੀਕਾਪਟਰ ਨੇ ਅਲਾਵਲਪੁਰ ਸਥਿਤ ਡੀਏਵੀ ਯੂਨੀਵਰਸਿਟੀ ਵਿੱਚ ਲੈਂਡਿੰਗ ਕੀਤੀ। ਮੁੱਖ ਮੰਤਰੀ ਨੇ ਇੱਥੋਂ ਸਿੱਧਾ ਡੇਰਾ ਸੱਚਖੰਡ ਬੱਲਾਂ ਜਾਣਾ ਸੀ। ਹਾਲਾਂਕਿ, ਜਿਵੇਂ ਹੀ ਉਹ ਆਪਣੇ ਹੈਲੀਕਾਪਟਰ ਤੋਂ ਉਤਰੇ, ਉੱਥੇ ਖੜ੍ਹੇ ਵਿਦਿਆਰਥੀਆਂ ਨੇ ਉਨ੍ਹਾਂ ਦਾ ਸਵਾਗਤ ਕਰਨਾ ਸ਼ੁਰੂ ਕਰ ਦਿੱਤਾ। ਇਸ ਨੂੰ ਦੇਖਦੇ ਹੋਏ ਮੁੱਖ ਮੰਤਰੀ ਨੇ ਆਪਣਾ ਸੁਰੱਖਿਆ ਘੇਰਾ ਤੋੜ ਦਿੱਤਾ ਅਤੇ ਵਿਦਿਆਰਥੀਆਂ ਦੇ ਵਿੱਚ ਪਹੁੰਚੇ ਅਤੇ ਉਨ੍ਹਾਂ ਨੂੰ ਮਿਲੇ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਸੁਰੱਖਿਆ ਦੀ ਨਹੀਂ ਬਲਕਿ ਨੌਜਵਾਨਾਂ ਦੇ ਭਵਿੱਖ ਦੀ ਚਿੰਤਾ ਹੈ। ਇਸ ਤੋਂ ਬਾਅਦ ਉਹ ਨਵਾਂਸ਼ਹਿਰ ਵਿਖੇ ਸ਼ਹੀਦ-ਏ-ਆਜ਼ਮ, ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਪਹੁੰਚੇ ਅਤੇ ਉਥੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਉਨ੍ਹਾਂ ਦੇ ਨਾਲ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਓਪੀ ਸੋਨੀ ਤੇ ਹੋਰ ਸੀਨੀਅਰ ਆਗੂ ਵੀ ਮੌਜੂਦ ਸਨ।