ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਕਾਂਗਰਸ ਪਾਰਟੀ ਸਣੇ ਪੰਜਾਬ ਦੀ ਸਿਆਸਤ ‘ਚ ਕਾਫੀ ਹਲਚਲ ਮਚੀ ਹੋਈ ਹੈ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇੱਕ ਚੈੱਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਉਨ੍ਹਾਂ ਦੀ ਪਾਰਟੀ ਦੇ ਪ੍ਰਧਾਨ ਹਨ। ਉਹ ਜੋ ਵੀ ਕਹਿੰਦੇ ਹਨ ਉਸ ਵਿੱਚ ਕੀ ਗਲਤ ਹੈ? ਮੈਨੂੰ ਉਨ੍ਹਾਂ ਦੀ ਗੱਲ ਮੰਨਣ ਵਿੱਚ ਕੋਈ ਦਿੱਕਤ ਨਹੀਂ ਹੈ। ਜੇਕਰ ਉਹ ਮੇਰੇ ਨਾਲ ਗੱਲ ਕਰਨ ਤੋਂ ਪਹਿਲਾਂ ਮੀਡੀਆ ਕੋਲ ਵੀ ਜਾਣ ਤਾਂ ਵੀ ਕੋਈ ਸਮੱਸਿਆ ਨਹੀਂ ਹੈ। ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਤੋਂ ਹੀ ਉਨ੍ਹਾਂ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਕਈ ਮੁੱਦਿਆਂ ‘ਤੇ ਮਤਭੇਦ ਦੇਖਣ ਨੂੰ ਮਿਲੇ ਹਨ। ਚਰਨਜੀਤ ਸਿੰਘ ਚੰਨੀ ਸਰਕਾਰ ਦੀਆਂ ਕੁੱਝ ਨਿਯੁਕਤੀਆਂ ਦਾ ਵਿਰੋਧ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਸੂਬਾ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਵੀ ਦੇ ਦਿੱਤਾ ਸੀ।
ਸਿੱਧੂ ਪਿਛਲੇ ਦੋ ਮਹੀਨਿਆਂ ਵਿੱਚ ਕਈ ਵਾਰ ਚੰਨੀ ਸਰਕਾਰ ਨੂੰ ਝੁਕਣ ਲਈ ਮਜਬੂਰ ਕਰ ਚੁੱਕੇ ਹਨ। ਸਿੱਧੂ ਦੀਆਂ ਮੰਗਾਂ ਨੂੰ ਸਵੀਕਾਰ ਕਰਦੇ ਹੋਏ ਚੰਨੀ ਨੇ ਹਾਲ ਹੀ ‘ਚ ਏਪੀਐਸ ਦਿਓਲ ਦਾ ਅਸਤੀਫਾ ਪ੍ਰਵਾਨ ਕਰ ਲਿਆ ਹੈ। ਇਸ ਤੋਂ ਬਾਅਦ ਹੀ ਸਿੱਧੂ ਨੇ ਪੰਜਾਬ ਕਾਂਗਰਸ ਭਵਨ ਜਾ ਕੇ ਆਪਣਾ ਚਾਰਜ ਦੁਬਾਰਾ ਸਾਂਭਿਆ ਹੈ। ਪੰਜਾਬ ਦੀ ਵਿੱਤੀ ਹਾਲਤ ਅਤੇ ਕਰਜ਼ਾ ਲੈਣ ‘ਤੇ ਚੁੱਕੇ ਜਾ ਰਹੇ ਸਵਾਲਾਂ ‘ਤੇ ਸੀਐਮ ਚੰਨੀ ਨੇ ਕਿਹਾ ਕਿ ਮੈਂ ਅਰਥ ਸ਼ਾਸਤਰ ਦਾ ਵਿਦਿਆਰਥੀ ਰਿਹਾ ਹਾਂ। ਮੈਂ ਆਰਥਿਕਤਾ ਨੂੰ ਸਮਝਦਾ ਹਾਂ। ਮੈਂ ਲੋਕਾਂ ਨੂੰ ਸਸਤੀ ਬਿਜਲੀ ਦਿੱਤੀ, ਮਹਿੰਗੇ ਠੇਕੇ ਖਤਮ ਕੀਤੇ। ਚੰਨੀ ਨੇ ਕਿਹਾ ਕਿ ਮੇਰੇ ਕੋਲ ਸਮਾਂ ਘੱਟ ਹੈ ਪਰ ਮੈਂ ਵੱਧ ਤੋਂ ਵੱਧ ਕੰਮ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਪਰ ਮੈਂ ਲੋਕਾਂ ਲਈ ਦਿਨ ਰਾਤ ਕੰਮ ਕਰਾਂਗਾ। ਮੈਂ ਲੋਕਾਂ ਦੇ ਭਲੇ ਲਈ ਕੰਮ ਕਰਾਂਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਬਦਨਾਮ ਕਰਨ ਦੀ ਰਣਨੀਤੀ ਛੱਡ ਦੇਵੇ। ਪਾਰਟੀ ਸਰਵਉੱਚ ਹੈ। ਪਾਰਟੀ ਜੋ ਕਹੇਗੀ ਮੈਂ ਉਹੀ ਕਰਾਂਗਾ, ਮੈਂ ਆਮ ਆਦਮੀ ਦੇ ਹਿੱਤ ਦੀ ਗੱਲ ਕਰਦਾ ਹਾਂ। ਮੈਂ ਉਨ੍ਹਾਂ ਦੇ ਭਲੇ ਲਈ ਕੰਮ ਕਰ ਰਿਹਾ ਹਾਂ। ਮੇਰੇ ਲਈ ਪੰਜਾਬ ਸਭ ਤੋਂ ਪ੍ਰਮੁੱਖ ਹੈ।