[gtranslate]

CM ਚੰਨੀ ਦਾ ਵੱਡਾ ਬਿਆਨ, ਕਿਹਾ -‘PM ਦੀ ਸੁਰੱਖਿਆ ‘ਚ ਨਹੀਂ ਵਰਤੀ ਕੋਈ ਕੁਤਾਹੀ, ਨਾ ਹੀ ਉਨ੍ਹਾਂ ਨੂੰ ਸੀ ਕੋਈ ਖਤਰਾ’

cm channi denies lapse in pm security

ਸੁਰੱਖਿਆ ਪ੍ਰਬੰਧਾਂ ਕਾਰਨ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ‘ਚ ਹੋਣ ਵਾਲੀ ਰੈਲੀ ਮੁਲਤਵੀ ਕਰ ਦਿੱਤੀ ਗਈ ਸੀ। ਜਿਸ ਤੋਂ ਬਾਅਦ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਆਹਮੋ-ਸਾਹਮਣੇ ਹੁੰਦੇ ਨਜ਼ਰ ਆ ਰਹੇ ਹਨ। ਇਸ ਮਸਲੇ ‘ਤੇ ਕੇਂਦਰ ਸਰਕਾਰ ਦੇ ਮੰਤਰੀਆਂ ਦੀ ਪ੍ਰੈੱਸ ਕਾਨਫਰੰਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਇਸ ਮਸਲੇ ‘ਤੇ ਇੱਕ ਪ੍ਰੈੱਸ ਕਾਨਫਰੰਸ ਕੀਤੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ‘ਚ ਕੁਤਾਹੀ ‘ਤੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ‘ਤੇ ਕੋਈ ਹਮਲਾ ਨਹੀਂ ਹੋਇਆ ਹੈ। ਉਨ੍ਹਾਂ ਦੀ ਸੁਰੱਖਿਆ ਵਿੱਚ ਕੋਈ ਕੁਤਾਹੀ ਨਹੀਂ ਹੋਈ, ਇਸ ਲਈ ਕਿਸੇ ਅਧਿਕਾਰੀ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਮੈਂ ਸ਼ਾਂਤਮਈ ਪ੍ਰਦਰਸ਼ਨਕਾਰੀਆਂ ‘ਤੇ ਲਾਠੀ-ਗੋਲੀ ਨਹੀਂ ਚਲਾ ਸਕਦਾ।

ਸੀਐਮ ਚੰਨੀ ਨੇ ਕਿਹਾ ਕਿ ਪੀਐਮ ਦਾ ਪੂਰਾ ਪ੍ਰੋਗਰਾਮ ਹਵਾਈ ਜਹਾਜ਼ ਰਾਹੀਂ ਸੀ ਪਰ ਅਚਾਨਕ ਉਹਨਾਂ ਦੀ ਸੁਰੱਖਿਆ ਏਜੰਸੀਆਂ ਨੇ ਸੜਕ ਰਾਹੀਂ ਕਰ ਦਿੱਤਾ। ਕੁਝ ਪ੍ਰਦਰਸ਼ਨਕਾਰੀ ਰਸਤੇ ਵਿਚ ਆ ਗਏ ਅਤੇ ਉਹਨਾਂ ਨੇ ਟਰੈਕਟਰ ਟਰਾਲੀ ਲਗਾ ਕੇ ਸੜਕ ਜਾਮ ਕਰ ਦਿੱਤੀ। ਇਸ ਦੇ ਬਾਵਜੂਦ ਜੇਕਰ ਉਹਨਾਂ ਨੂੰ ਲੱਗਦਾ ਹੈ ਕਿ ਸੁਰੱਖਿਆ ‘ਚ ਕੋਈ ਕਮੀ ਆਈ ਹੈ ਤਾਂ ਅਸੀਂ ਇਸ ਦੀ ਜਾਂਚ ਕਰਵਾਵਾਂਗੇ। ਅਜੇ ਤੱਕ ਕਿਸੇ ਵੀ ਅਧਿਕਾਰੀ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਅੱਜ ਦੀ ਫੇਰੀ ਦੌਰਾਨ ਕੁੱਝ ਉਦਘਾਟਨ ਅਤੇ ਸਿਆਸੀ ਰੈਲੀ ਕਰਨੀ ਸੀ, ਜਿਸ ਵਿੱਚ ਉਨ੍ਹਾਂ ਨੂੰ ਵਾਪਸ ਪਰਤਣਾ ਪਿਆ, ਸਾਨੂੰ ਇਸ ਦਾ ਅਫਸੋਸ ਹੈ ਅਤੇ ਉਹ ਦੇਸ਼ ਦੇ ਪ੍ਰਧਾਨ ਮੰਤਰੀ ਹਨ, ਅਸੀਂ ਸਰਕਾਰਾਂ ਮਿਲ ਕੇ ਕੰਮ ਕਰਦੀਆਂ ਹਨ।

ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਉਨ੍ਹਾਂ ਦਾ ਸਤਿਕਾਰ ਕਰੀਏ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਵਿੱਚ ਕੋਈ ਕੁਤਾਹੀ ਨਹੀਂ ਵਰਤੀ ਗਈ ਹੈ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਖਤਰਾ ਸੀ। ਇਹ ਗਲਤ ਹੈ ਕਿ ਉਨ੍ਹਾਂ ਦੀ ਸੁਰੱਖਿਆ ਬਾਰੇ ਗਲਤ ਤੱਥ ਜੋੜ ਕੇ ਗਲਤ ਤੱਥ ਦਿਖਾਏ ਜਾ ਰਹੇ ਹਨ, ਇਸ ਵਿੱਚ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ, ਉਨ੍ਹਾਂ ਨੂੰ ਕੋਈ ਖ਼ਤਰਾ ਨਹੀਂ ਸੀ। ਜੋ ਭਾਜਪਾ ਆਗੂ ਬਿਆਨਬਾਜ਼ੀ ਕਰਕੇ ਹਾਲਾਤ ਖਰਾਬ ਕਰਨ ਦੀ ਗੱਲ ਕਰ ਰਹੇ ਹਨ, ਉਨ੍ਹਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ।

ਸੀਐਮ ਚੰਨੀ ਨੇ ਕਿਹਾ ਕਿ ਸ਼ਾਂਤਮਈ ਪ੍ਰਦਰਸ਼ਨ ਨੂੰ ਸੁਰੱਖਿਆ ਵਿੱਚ ਕੁਤਾਹੀ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ। ਇਸ ਸਬੰਧੀ ਸਿਆਸਤ ਨਹੀਂ ਹੋਣੀ ਚਾਹੀਦੀ। ਉਹਨਾਂ ਦੀ ਸ਼ਾਨ ਅਤੇ ਸੁਰੱਖਿਆ ਨੂੰ ਕੋਈ ਖਤਰਾ ਨਹੀਂ ਸੀ। ਉਹਨਾਂ ਦਾ ਕਹਿਣਾ ਹੈ ਕਿ, “ਜੇ ਪ੍ਰਧਾਨ ਮੰਤਰੀ ਦੀ ਜਾਨ ਨੂੰ ਕੋਈ ਖਤਰਾ ਹੋਵੇਗਾ ਤਾਂ ਉਹਨਾਂ ਤੋਂ ਪਹਿਲਾਂ ਮੈਂ ਅਪਣਾ ਖੂਨ ਡੋਲਾਂਗਾ। ਇਹ ਪੰਜਾਬੀਆਂ ਦੀ ਫਿਤਰਤ ਹੈ। ਪੰਜਾਬੀ ਮਰਦਾ ਮਰ ਜਾਵੇਗਾ ਪਰ ਘਰ ਆਏ ਮਹਿਮਾਨ ਨੂੰ ਕੁਝ ਨਹੀਂ ਹੋਣ ਦੇਵੇਗਾ”।

Leave a Reply

Your email address will not be published. Required fields are marked *