ਪੰਜਾਬ ਕਾਂਗਰਸ ਦਾ ਨਵਾਂ ਡਰਾਮਾ ਸਾਹਮਣੇ ਆਇਆ ਹੈ। ਸੋਮਵਾਰ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਤੇ ਮੁੱਖ ਮੰਤਰੀ ਚਰਨਜੀਤ ਚੰਨੀ ਵਿਚਾਲੇ ਤਲਖੀ ਨਜ਼ਰ ਆਈ ਤਾਂ ਅੱਜ ਦੋਵੇਂ ਲੀਡਰ ਇਕੱਠੇ ਹੀ ਕੇਦਾਰਨਾਥ ਲਈ ਰਵਾਨਾ ਹੋ ਗਏ। ਉਨ੍ਹਾਂ ਨਾਲ ਪੰਜਾਬ ਇੰਚਾਰਜ ਹਰੀਸ਼ ਚੌਧਰੀ ਵੀ ਮੌਜੂਦ ਹਨ। ਸੂਤਰਾਂ ਮੁਤਾਬਕ ਹੁਣ ਦੋਵੇਂ ਲੀਡਰ ਕੇਦਾਰਨਾਥ ਵਿਖੇ ਆਪਣੇ ਗਿਲੇ-ਸ਼ਿਕਵੇ ਦੂਰ ਕਰਨਗੇ। ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਚੰਨੀ ਦੇ ਲਏ ਗਏ ਫੈਸਲਿਆਂ ‘ਤੇ ਨਿਸ਼ਾਨੇ ਵਿੰਨ੍ਹਣ ਦਾ ਇੱਕ ਵੀ ਮੌਕਾ ਖੁੱਸਣ ਨਹੀਂ ਦੇ ਰਹੇ, ਜਿਸ ਕਰਕੇ ਪਾਰਟੀ ਵਿੱਚ ਤਣਾਅ ਦੀ ਸਥਿਤੀ ਬਰਕਰਾਰ ਹੈ।
ਦੱਸ ਦਈਏ ਕਿ ਪਹਿਲਾਂ ਪੰਜਾਬ ਕਾਂਗਰਸ ਦੇ ਲੀਡਰ ਨਿੱਤ ਦਿੱਲੀ ਦੇ ਗੇੜੇ ਲਾ ਰਹੇ ਸਨ। ਇਸ ਕਰਕੇ ਪਾਰਟੀ ਦੀ ਕਾਫੀ ਅਲੋਚਨਾ ਹੋ ਰਹੀ ਸੀ। ਇਸ ਲਈ ਲੱਗਦਾ ਹੈ ਕਿ ਹੁਣ ਦਿੱਲੀ ਦੀ ਥਾਂ ਕੇਦਾਰਨਾਥ ਵਿੱਚ ਸੁਲ੍ਹਾ ਸਫਾਈ ਦਾ ਰਾਹ ਲੱਭਿਆ ਜਾਵੇਗਾ। ਦੱਸ ਦੇਈਏ ਕਿ ਅਜੇ ਬੀਤੇ ਦਿਨ ਹੀ ਸਿੱਧੂ ਨੇ ਚੰਨੀ ਸਰਕਾਰ ਦੇ ਬਿਜਲੀ ਵਾਲੇ ਫੈਸਲੇ ‘ਤੇ ਵੱਡਾ ਹਮਲਾ ਬੋਲਿਆ। ਇਸ ਦੌਰਾਨ ਦੋਵਾਂ ਦੇ ਇਕੱਠੇ ਕੇਦਾਰਨਾਥ ਜਾਣ ਦੀ ਖਬਰ ਨਾਲ ਸਾਰਿਆਂ ਦੇ ਮਨ ਵਿੱਚ ਇੱਕ ਹੀ ਸਵਾਲ ਉੱਠ ਰਿਹਾ ਹੈ ਕਿ ਸਿੱਧੂ ਤੇ ਚੰਨੀ ਵਿਚਾਲੇ ਰੋਸੇ ਦੂਰ ਹੋ ਗਏ ਹਨ ਜਾਂ ਗਿਲੇ-ਸ਼ਿਕਵੇ ਦੂਰ ਕਰਨ ਲਈ ਉਹ ਇਕੱਠੇ ਜਾ ਰਹੇ ਹਨ।