ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਨੂੰ ਲੈ ਕੇ ਵੀਰਵਾਰ ਨੂੰ ਸੀਐਮ ਭਗਵੰਤ ਮਾਨ ਨੇ ਰੋਡ ਸ਼ੋਅ ਕੀਤਾ ਹੈ। ਰੋਡ ਸ਼ੋਅ ਭਦੌੜ ਤੋਂ ਸ਼ੁਰੂ ਹੋਇਆ। ਇੱਥੇ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਵਿੱਚ ਭ੍ਰਿਸ਼ਟਾਚਾਰ ਦੇ ਮਾਮਲੇ ਚ ਕੁੱਝ ਅੰਦਰ ਕਰ ਦਿੱਤੇ ਹਨ। ਕਈਆਂ ਦੀ ਵਾਰੀ ਹੈ ਤੇ ਕਈਆਂ ਦੀ ਤਿਆਰੀ ਹੋ ਚੁੱਕੀ ਹੈ। ਮਾਨ ਨੇ ਕਿਹਾ ਕਿ ਉਹ ਇੰਨੀ ਸਖ਼ਤ ਕਾਰਵਾਈ ਕਰਨਗੇ ਕਿ ਉਨ੍ਹਾਂ ਨੂੰ ਜ਼ਮਾਨਤ ਵੀ ਨਹੀਂ ਮਿਲੇਗੀ। ਮਾਨ ਨੇ ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਜ਼ਿਕਰ ਕੀਤਾ, ਜੋ ਜੰਗਲਾਤ ਵਿਭਾਗ ਵਿੱਚ ਦਰੱਖਤ ਕੱਟਣ ਦੇ ਘੁਟਾਲੇ ਵਿੱਚ ਫਸੇ ਹੋਏ ਹਨ। ਮਾਨ ਨੇ ਕਿਹਾ ਕਿ ਵਿਜੀਲੈਂਸ ਮੰਤਰੀ ਨੂੰ ਸਵੇਰੇ ਗ੍ਰਿਫਤਾਰ ਕਰਨ ਦੀ ਗੱਲ ਕਰ ਰਹੀ ਹੈ। ਮੈਂ ਉਨ੍ਹਾਂ ਨੂੰ ਰਾਤ ਨੂੰ ਹੀ ਚੁੱਕਣ ਲਈ ਕਿਹਾ। ਕਿਉਂਕ ਪਤਾ ਨਹੀਂ ਸਵੇਰੇ ਕਿਸੇ ਹੋਰ ਪਾਰਟੀ ਵਿੱਚ ਸ਼ਾਮਿਲ ਹੋ ਜਾਵੇ। CM ਮਾਨ ਨੇ ਇੱਥੇ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਗੁਰਮੇਲ ਸਿੰਘ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ।
'ਆਪ' ਦੇ ਨੌਜਵਾਨ ਉਮੀਦਵਾਰ ਗੁਰਮੇਲ ਸਿੰਘ ਦੇ ਹੱਕ 'ਚ ਭਦੌੜ ਵਿਖੇ ਰੋਡ ਸ਼ੋਅ… LIVE https://t.co/gBFjaQw6xi
— Bhagwant Mann (@BhagwantMann) June 16, 2022
ਸੀ.ਐਮ ਭਗਵੰਤ ਮਾਨ ਨੇ ਕਿਹਾ ਕਿ ਅਕਾਲੀ ਦਲ ਵਾਲੇ ਕਹਿ ਰਹੇ ਹਨ ਕਿ ਜੇਕਰ ਤੁਸੀਂ ਐਮ.ਪੀ ਬਣਾ ਦਿਓ ਤਾਂ ਬੰਦੀ ਸਿੰਘਾਂ ਨੂੰ ਰਿਹਾਅ ਕਰਵਾ ਦਿੱਤਾ ਜਾਵੇਗਾ। ਅਜਿਹਾ ਕਿਹੜੇ ਨਿਯਮਾਂ ਵਿੱਚ ਲਿਖਿਆ ਹੈ ਕਿ ਬੰਦੀ ਸਿੰਘਾਂ ਨੂੰ ਐਮਪੀ ਬਣਨ ਤੋਂ ਬਾਅਦ ਰਿਹਾਅ ਕੀਤਾ ਜਾਵੇਗਾ ? ਜੇਕਰ ਅਜਿਹਾ ਹੈ ਤਾਂ ਹਰਸਿਮਰਤ ਕੌਰ ਬਾਦਲ ਅਤੇ ਸੁਖਬੀਰ ਬਾਦਲ ਨੇ ਬੰਦੀ ਸਿੰਘਾਂ ਨੂੰ ਆਜ਼ਾਦ ਕਿਉਂ ਨਹੀਂ ਕਰਵਾਇਆ। ਇਹ ਦੋਵੇਂ ਸੰਸਦ ਮੈਂਬਰ ਵੀ ਹਨ। ਮਾਨ ਨੇ ਕਿਹਾ ਕਿ ਮੈਂ ਖੁਦ ਵੀ ਚਾਹੁੰਦਾ ਹਾਂ ਕਿ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ, ਉਹ ਜੇਲ੍ਹ ਤੋਂ ਬਾਹਰ ਆਉਣ।