ਪਿਛਲੀਆਂ ਸਰਕਾਰਾਂ ਸਮੇਂ ਪੰਜਾਬ ਸਿਰ ਚੜ੍ਹੇ ਕਰਜ਼ੇ ਨੂੰ ਲੈ ਕੇ ਪੰਜਾਬ ਸਰਕਾਰ ਵੱਡੇ ਐਕਸ਼ਨ ਦੀ ਤਿਆਰੀ ਵਿੱਚ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ‘ਤੇ 3 ਲੱਖ ਕਰੋੜ ਰੁਪਏ ਦੇ ਕਰਜ਼ੇ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਇਸ ਦੀ ਜਾਂਚ ਕਰੇਗੀ। ਇਹ ਪੈਸਾ ਕਿੱਥੇ ਖਰਚਿਆ ਗਿਆ ਹੈ ? ਪਿਛਲੀਆਂ ਸਰਕਾਰਾਂ ਨੇ ਇਹ ਕਰਜ਼ਾ ਮੁਆਫ਼ ਕੀਤਾ ਸੀ। ਇਹ ਕਰਜ਼ਾ ਕਿੱਥੇ ਵਰਤਿਆ ਗਿਆ, ਇਸ ਦੀ ਜਾਂਚ ਕਰਕੇ ਵਸੂਲੀ ਕੀਤੀ ਜਾਵੇਗੀ। ਇਹ ਲੋਕਾਂ ਦਾ ਪੈਸਾ ਹੈ।
ਮਾਨ ਦੇ ਇਸ ਐਲਾਨ ਨਾਲ ਹੁਣ ਪੰਜਾਬ ਵਿੱਚ ਸਰਕਾਰ ਚਲਾਉਣ ਵਾਲੀ ਕਾਂਗਰਸ ਅਤੇ ਅਕਾਲੀ ਦਲ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਪੰਜਾਬ ਵਿੱਚ ਪਿਛਲੇ 70 ਸਾਲਾਂ ਤੋਂ ਕਾਂਗਰਸ ਅਤੇ ਅਕਾਲੀ ਦਲ ਦੀ ਅਗਵਾਈ ਵਾਲੀਆਂ ਸਰਕਾਰਾਂ ਨੇ ਰਾਜ ਕੀਤਾ ਹੈ। ਸੀਐਮ ਮਾਨ ਨੇ ਕਿਹਾ ਕਿ ਹਰ ਕੋਈ ਕਹਿੰਦਾ ਹੈ ਕਿ ਪੰਜਾਬ ਸਿਰ 3 ਲੱਖ ਕਰੋੜ ਦਾ ਕਰਜ਼ਾ ਹੈ। ਤੁਸੀਂ ਗਾਰੰਟੀਆਂ ਨੂੰ ਕਿਵੇਂ ਪੂਰਾ ਕਰੋਗੇ? ਮਾਨ ਨੇ ਕਿਹਾ ਕਿ ਪੰਜਾਬ ਵਿੱਚ ਪਿਛਲੇ ਕਈ ਸਾਲਾਂ ਤੋਂ ਨਾ ਤਾਂ ਕੋਈ ਹਸਪਤਾਲ ਅਤੇ ਨਾ ਹੀ ਕੋਈ ਸਰਕਾਰੀ ਸਕੂਲ-ਕਾਲਜ ਬਣਿਆ ਹੈ। ਕੋਈ ਨਵੀਂ ਸਰਕਾਰੀ ਯੂਨੀਵਰਸਿਟੀ ਵੀ ਨਹੀਂ ਬਣੀ। ਜੋ ਪਹਿਲਾਂ ਤੋਂ ਬਣੇ ਹੋਏ ਹਨ ਉਹ ਵੀ ਘਾਟੇ ਵਿੱਚ ਚੱਲ ਰਹੇ ਹਨ। ਸੜਕਾਂ ਵੀ ਨਿੱਜੀ ਕੰਪਨੀਆਂ ਨੇ ਬਣਾਈਆਂ ਹਨ। ਫਿਰ ਕਰਜ਼ਾ ਕਿੱਥੇ ਗਿਆ?
ਇਹ ਕਰਜ਼ਾ ਕੁੱਝ ਪਹਾੜੀਆਂ ਦੀਆਂ ਜੜ੍ਹਾਂ ਵਿੱਚ ਪਿਆ ਹੋਇਆ ਹੈ। ਮੈਂ ਜਾਣਦਾ ਹਾਂ ਕਿ ਲੋਨ ਕਿੱਥੇ ਹੈ? ਅਸੀਂ ਇਸ ਦੀ ਰਿਕਵਰੀ ਕਰਨੀ ਹੈ। ਇਹ ਪੈਸਾ ਲੋਕਾਂ ਦਾ ਹੈ। ਅਸੀਂ ਇਹ ਕਹਿ ਕੇ ਨਹੀਂ ਛੱਡ ਸਕਦੇ ਕਿ ਜੋ ਹੋ ਗਿਆ, ਸੋ ਹੋ ਗਿਆ। ਮਾਨ ਨੇ ਕੁੱਝ ਦਿਨ ਪਹਿਲਾਂ ਪੰਜਾਬ ਦੇ ਹਰ ਘਰ ਨੂੰ 300 ਯੂਨਿਟ ਬਿਜਲੀ ਪ੍ਰਤੀ ਮਹੀਨਾ ਮੁਫ਼ਤ ਦੇਣ ਦਾ ਐਲਾਨ ਕੀਤਾ ਸੀ। ਇਸ ਦੌਰਾਨ ਉਨ੍ਹਾਂ ਕਰਜ਼ੇ ਦੇ ਖਰਚੇ ਦਾ ਮੁੱਦਾ ਚੁੱਕਿਆ ਸੀ।