ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਆਮ ਆਦਮੀ ਪਾਰਟੀ (ਆਪ) ਵਿਚਾਲੇ ਇਕ-ਦੂਜੇ ਖਿਲਾਫ ਬਿਆਨਬਾਜ਼ੀ ਜਾਰੀ ਹੈ। ਇਸ ਵਾਰ ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਨੇ ਭਾਜਪਾ ‘ਤੇ ਵੱਡਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਤੋਂ ਬਾਅਦ ਇਹ ਲੋਕ (ਭਾਜਪਾ) ਹੁਣ ‘ਆਪ’ ਦੇ ਵਿਧਾਇਕ ਨੂੰ ਖਰੀਦਣ ਲਈ ਪੰਜਾਬ ਪਹੁੰਚ ਗਏ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਇੰਨੇ ਹਜ਼ਾਰਾਂ ਕਰੋੜ ਰੁਪਏ ਕਿੱਥੋਂ ਮਿਲ ਰਹੇ ਹਨ। ਇਹ ਲੋਕ ਸਮਝ ਲੈਣ ਕਿ ਅਸੀਂ ਕਾਂਗਰਸ ਨਹੀਂ ਹਾਂ, ਸਾਨੂੰ ਖਰੀਦਣਾ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ।
ਅਰਵਿੰਦ ਕੇਜਰੀਵਾਲ ਨੇ ਅੱਗੇ ਕਿਹਾ ਕਿ ਇੱਕ-ਇੱਕ ਕਰਕੇ ਚੁਣੀਆਂ ਹੋਈਆਂ ਸਰਕਾਰਾਂ ਨੂੰ ਤੋੜਨਾ ਦੇਸ਼ ਅਤੇ ਲੋਕਤੰਤਰ ਲਈ ਗੰਭੀਰ ਮੁੱਦਾ ਹੈ। ਇਸ ਦੇ ਨਾਲ ਹੀ ਬੀਤੇ ਦਿਨ ‘ਆਪ’ ਆਗੂ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੀ ਭਾਜਪਾ ‘ਤੇ ‘ਆਪ’ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਸੀ। ਉਨ੍ਹਾਂ ਪੰਜਾਬ ‘ਚ ਭਗਵੰਤ ਮਾਨ ਸਰਕਾਰ ਨੂੰ ਸਿੱਟਣ ਦੀ ਭਾਜਪਾ ਦੀ ਕੋਸ਼ਿਸ਼ ਅਤੇ ਵਿਧਾਇਕਾ ਨੂੰ ਖਰੀਦਣ ਦੇ ਮਾਮਲੇ ਨੂੰ ਲੈ ਕੇ ਸੂਬਾ ਪੁਲਿਸ ਮੁਖੀ ਨੂੰ ਸ਼ਿਕਾਇਤ ਵੀ ਦਿੱਤੀ ਹੈ।
ਸੀਐਮ ਕੇਜਰੀਵਾਲ ਨੇ ਦੋਸ਼ ਲਾਇਆ ਕਿ ਭਾਜਪਾ ਹਰ ਸੂਬੇ ਵਿੱਚ ਵਿਧਾਇਕਾਂ ਨੂੰ ਖਰੀਦਣ ਲਈ ‘ਆਪ੍ਰੇਸ਼ਨ ਲੋਟਸ’ ਚਲਾ ਰਹੀ ਹੈ। ਉਹ ਵਿਧਾਇਕਾਂ ਨੂੰ ਪੈਸੇ ਜਾਂ ਕੇਂਦਰੀ ਏਜੰਸੀਆਂ ਦਾ ਡਰ ਦਿਖਾ ਰਹੀ ਹੈ। ਕੇਜਰੀਵਾਲ ਨੇ ਕਿਹਾ ਕਿ ਪਾਰਟੀ ਲਈ ਇਸ ਤਰ੍ਹਾਂ ਵਿਧਾਇਕਾਂ ਨੂੰ ਖਰੀਦਣਾ ਗਲਤ ਹੈ। ਉਨ੍ਹਾਂ ਇਸ ਨੂੰ ਲੋਕਤੰਤਰ ਲਈ ਖ਼ਤਰਾ ਦੱਸਿਆ।