ਪੰਜਾਬ ਦੀ ਸਿਆਸਤ ‘ਚ ਅੱਜ ਇੱਕ ਵੱਡਾ ਧਮਾਕਾ ਹੋ ਸਕਦਾ ਹੈ। ਕੁੱਝ ਮੀਡੀਆ ਰਿਪੋਰਟਸ ਦੇ ਵਿੱਚ ਦਾਅਵਾ ਕੀਤਾ ਜਾਂ ਰਿਹਾ ਹੈ, ਕਿ ਅੱਜ ਹੋਣ ਵਾਲੀ ਵਿਧਾਇਕਾਂ ਦੀ ਅਹਿਮ ਮੀਟਿੰਗ ਤੋਂ ਪਹਿਲਾ ਕਾਂਗਰਸ ਹਾਈ ਕਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਅਸਤੀਫੇ ਦੀ ਮੰਗ ਕੀਤੀ ਹੈ। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ‘ਦਰਦ’ ਵੀ ਸ਼ਨੀਵਾਰ ਨੂੰ ਹੋਣ ਵਾਲੀ ਵਿਧਾਇਕਾਂ ਦੀ ਅਹਿਮ ਮੀਟਿੰਗ ਤੋਂ ਪਹਿਲਾਂ ਦਿਖਾਈ ਦੇ ਰਿਹਾ ਸੀ। ਸੂਤਰਾਂ ਅਨੁਸਾਰ ਅਮਰਿੰਦਰ ਸਿੰਘ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਕਿਹਾ, “ਉਹ ਇਸ ਤਰ੍ਹਾਂ ਦੇ ਅਪਮਾਨ ਨਾਲ ਕਾਂਗਰਸ ਵਿੱਚ ਨਹੀਂ ਰਹਿ ਸਕਦੇ।” ਵਿਧਾਇਕਾਂ ਦੀ ਇਹ ਮੀਟਿੰਗ ਕਾਂਗਰਸ ਪਾਰਟੀ ਵੱਲੋਂ ਬੁਲਾਈ ਗਈ ਹੈ।
ਸੂਤਰਾਂ ਨੇ ਦੱਸਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਕਿਹਾ ਹੈ ਕਿ, “ਇਸ ਤਰਾਂ ਦਾ ਅਪਮਾਨ ਕਾਫੀ ਹੋ ਚੁੱਕਿਆ ਹੈ। ਇਹ ਤੀਜੀ ਵਾਰ ਹੋ ਰਿਹਾ ਹੈ। ਮੈਂ ਇਸ ਤਰ੍ਹਾਂ ਦੀ ਬੇਇੱਜ਼ਤੀ ਨਾਲ ਪਾਰਟੀ ਵਿੱਚ ਨਹੀਂ ਰਹਿ ਸਕਦਾ।” ਅੱਜ ਹੋਣ ਵਾਲੀ ਮੀਟਿੰਗ ਮੁੱਖ ਮੰਤਰੀ ਅਮਰਿੰਦਰ ਸਿੰਘ ਲਈ ਮੁਸੀਬਤ ਬਣ ਸਕਦੀ ਹੈ, ਕਿਉਂਕਿ 40 ਤੋਂ ਵੱਧ ਨਾਰਾਜ਼ ਵਿਧਾਇਕਾਂ ਨੇ ਪਾਰਟੀ ਹਾਈਕਮਾਨ ਨੂੰ ਪੱਤਰ ਲਿਖ ਕੇ ਉਨ੍ਹਾਂ ਨੂੰ ਹਟਾਉਣ ਦੀ ਮੰਗ ਕੀਤੀ ਹੈ। ਉੱਥੇ ਹੀ ਸਾਰੇ ਵਿਧਾਇਕਾਂ ਨੂੰ ਲਾਜ਼ਮੀ ਤੌਰ ‘ਤੇ ਇਸ ਵਿਧਾਇਕ ਦਲ ਦੀ ਮੀਟਿੰਗ ਵਿੱਚ ਸ਼ਾਮਿਲ ਹੋਣ ਲਈ ਕਿਹਾ ਗਿਆ ਹੈ। ਹਰੀਸ਼ ਰਾਵਤ ਅਤੇ ਅਜੈ ਮਾਕਨ ਵੀ ਸੰਭਾਵਤ ਤੌਰ ਤੇ ਨਿਰੀਖਕਾਂ ਦੇ ਰੂਪ ਵਿੱਚ ਇਸ ਬੈਠਕ ਵਿੱਚ ਮੌਜੂਦ ਰਹਿਣਗੇ।