ਜੇਕਰ ਤੁਸੀ ਵੀ ਕੱਪੜੇ ਧੋ ਕੇ ਘਰ ਦੇ ਬਾਹਰ ਸੁੱਕਣੇ ਪਾਉਂਦੇ ਹੋ ਤਾਂ ਇਹ ਖਬਰ ਜਰੂਰ ਪੜ੍ਹਨਾ। ਦਰਅਸਲ ਲੁਧਿਆਣਾ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਵਿਅਕਤੀ ਨੇ ਮੂੰਹ ‘ਤੇ ਰੁਮਾਲ ਬੰਨ੍ਹ ਕੇ ਇੱਕ ਘਰ ਦੇ ਬਾਹਰ ਰੱਸੀ ‘ਤੇ ਸੁੱਕ ਰਹੇ ਕੱਪੜੇ ਉਤਾਰ ਕੇ ਇੱਕ-ਇੱਕ ਕਰਕੇ ਪਹਿਲਾ ਗਠੜੀ ਬਣਾਈ ਅਤੇ ਫਿਰ ਉਥੋਂ ਕੱਪੜੇ ਲੈ ਕੇ ਫਰਾਰ ਹੋ ਗਿਆ। ਘਰੋਂ ਨਿਕਲਣ ਤੋਂ ਬਾਅਦ ਵਿਅਕਤੀ ਨੇ ਕੱਪੜਿਆਂ ਦੀ ਗਠੜੀ ਇੱਕ ਕਾਰ ਦੇ ਪਿੱਛੇ ਲੁਕਾ ਦਿੱਤੀ। ਵਿਅਕਤੀ ਦੇ ਕੱਪੜੇ ਚੋਰੀ ਕਰਨ ਦੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹੁਣ ਲੋਕ ਆਪਣੇ ਕੱਪੜੇ ਵੀ ਬਾਹਰ ਸੁਕਾਉਣ ਤੋਂ ਡਰ ਰਹੇ ਹਨ ਕਿ ਕਿਤੇ ਚੋਰ ਉਨ੍ਹਾਂ ਦੇ ਕੱਪੜੇ ਵੀ ਲੈ ਨਾ ਜਾਣ।
ਮਾਡਲਗ੍ਰਾਮ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਉਕਤ ਵਿਅਕਤੀ ਸ਼ੱਕੀ ਹੈ। ਉਸ ਨੂੰ ਇੱਥੇ ਪਹਿਲਾਂ ਕਦੇ ਨਹੀਂ ਦੇਖਿਆ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਵਿਅਕਤੀ ਪੁਰਾਣੇ ਕੱਪੜੇ ਵੇਚਣ ਦਾ ਕੰਮ ਕਰਦਾ ਹੈ। ਲੋਕਾਂ ਨੇ ਪੁਲਿਸ ਨੂੰ ਅਪੀਲ ਕੀਤੀ ਹੈ ਕਿ ਇਲਾਕੇ ‘ਚ ਗਸ਼ਤ ਵਧਾਈ ਜਾਵੇ ਤਾਂ ਜੋ ਅਜਿਹੇ ਲੋਕਾਂ ‘ਤੇ ਕਾਬੂ ਪਾਇਆ ਜਾ ਸਕੇ ਅਤੇ ਚੋਰੀ ਦੀਆਂ ਘਟਨਾਵਾਂ ‘ਤੇ ਵੀ ਕਾਬੂ ਪਾਇਆ ਜਾ ਸਕੇ |