ਫਰੀਦਕੋਟ ਦੇ ਸਿਵਲ ਹਸਪਤਾਲ ਦਾ ਜੱਚਾ-ਬੱਚਾ ਵਾਰਡ ਸ਼ਨੀਵਾਰ ਦੁਪਹਿਰ ਲੜਾਈ ਦਾ ਮੈਦਾਨ ਬਣ ਗਿਆ। ਇੱਥੇ ਦੋ ਧਿਰਾਂ ਆਪਸ ਵਿੱਚ ਭਿੜ ਗਈਆਂ। ਦੋ ਦਿਨ ਦੇ ਬੱਚੇ ਨੂੰ ਲੈ ਕੇ ਕਾਫੀ ਹੰਗਾਮਾ ਅਤੇ ਲੜਾਈ ਹੋਈ। ਕੁੱਝ ਲੋਕਾਂ ਨੇ ਇੱਟਾਂ-ਪੱਥਰ ਚਲਾ ਦਿੱਤੇ, ਜਿਸ ਵਿੱਚ ਛੇ ਵਿਅਕਤੀਆਂ ਦੇ ਸਿਰ ਪਾਟ ਗਏ। ਲੜਾਈ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਟੀ ਫਰੀਦਕੋਟ ਦੇ ਐੱਸ.ਪੀ.-ਡੀ.ਐੱਸ.ਪੀ ਅਤੇ ਥਾਣਾ ਸਿਟੀ ਦੀ ਟੀਮ ਮੌਕੇ ‘ਤੇ ਪਹੁੰਚ ਗਈ ਪਰ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਦੋਸ਼ੀ ਉਥੋਂ ਫ਼ਰਾਰ ਹੋ ਗਏ ਸਨ।
ਪੀੜਤ ਨੇ ਦੱਸਿਆ ਕਿ ਉਸ ਦੀ ਲੜਕੀ ਦਾ ਵਿਆਹ ਨਕੋਦਰ ਵਿਖੇ ਹੋਇਆ ਸੀ ਪਰ ਉਸ ਦੇ ਸਹੁਰੇ ਹਰ ਵੇਲੇ ਝਗੜਾ ਕਰਦੇ ਰਹਿੰਦੇ ਸਨ। ਉਨ੍ਹਾਂ ਮੁਤਾਬਿਕ \ ਬੇਟੀ ਪਿਛਲੇ ਛੇ ਮਹੀਨਿਆਂ ਤੋਂ ਉਨ੍ਹਾਂ ਦੇ ਕੋਲ ਸੀ। ਦੋ ਦਿਨ ਪਹਿਲਾਂ ਕਮਲਜੀਤ ਕੌਰ ਨੇ ਫ਼ਰੀਦਕੋਟ ਦੇ ਸਿਵਲ ਹਸਪਤਾਲ ਵਿੱਚ ਪੁੱਤਰ ਨੂੰ ਜਨਮ ਦਿੱਤਾ ਸੀ, ਜਿਸ ਦੀ ਸਿਹਤ ਠੀਕ ਨਾ ਹੋਣ ‘ਤੇ ਉਸ ਨੂੰ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਧੀ ਦੇ ਸਹੁਰੇ ਕਹਿ ਰਹੇ ਹਨ ਕਿ ਪੁੱਤਰ ਉਨ੍ਹਾਂ ਨੂੰ ਦੇ ਦਿਓ। ਕੱਲ੍ਹ ਵੀ ਉਨ੍ਹਾਂ ਨੇ ਹਸਪਤਾਲ ਵਿੱਚ ਹੰਗਾਮਾ ਕੀਤਾ।
ਪੀੜਤ ਨੇ ਦੱਸਿਆ ਕਿ ਅੱਜ ਮੁਲਜ਼ਮ ਕਈ ਲੋਕਾਂ ਨੂੰ ਲੈ ਕੇ ਆਏ ਅਤੇ ਲੜਕੇ ਨੂੰ ਜ਼ਬਰਦਸਤੀ ਭਜਾ ਕੇ ਲੈ ਜਾਣ ਦੀਆਂ ਗੱਲਾਂ ਕਰਨ ਲੱਗੇ। ਜਦੋਂ ਉਨ੍ਹਾਂ ਨੇ ਇਨਕਾਰ ਕੀਤਾ ਤਾਂ ਮੁਲਜ਼ਮਾਂ ਨੇ ਉਸ ਦੇ ਸਾਥੀਆਂ ’ਤੇ ਹਮਲਾ ਕਰ ਦਿੱਤਾ। ਮੁਲਜ਼ਮਾਂ ਨੇ ਕਾਫੀ ਇੱਟਾਂ ਅਤੇ ਪੱਥਰ ਸੁੱਟੇ, ਜਿਸ ਕਾਰਨ ਕਈ ਲੋਕਾਂ ਦੇ ਸਿਰ ਪਾੜ ਗਏ। ਫਰੀਦਕੋਟ ਦੇ ਐਸਪੀ ਅਨੁਸਾਰ ਉਹ ਜ਼ਖ਼ਮੀਆਂ ਦੇ ਬਿਆਨ ਦਰਜ ਕਰ ਰਹੇ ਹਨ। ਇਸ ਤੋਂ ਬਾਅਦ ਹਸਪਤਾਲ ‘ਚ ਗੜਬੜ ਪੈਦਾ ਕਰਨ ਵਾਲੇ ਜ਼ਰੂਰ ਫੜੇ ਜਾਣਗੇ।