ਨਿਊਜ਼ੀਲੈਂਡ ਦੀ ਲੇਬਰ ਪਾਰਟੀ ਨੇ ਸ਼ਨੀਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਜੈਸਿੰਡਾ ਆਰਡਰਨ ਦੀ ਥਾਂ ਕ੍ਰਿਸ ਹਿਪਕਿਨਸ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਬਣਨਗੇ। ਐਤਵਾਰ ਨੂੰ ਹੋਣ ਵਾਲੀ ਲੇਬਰ ਸਾਂਸਦਾਂ ਦੀ ਬੈਠਕ ਵਿੱਚ ਕ੍ਰਿਸ ਹਿਪਕਿੰਸ ਦੇ ਪ੍ਰਧਾਨ ਮੰਤਰੀ ਚੁਣੇ ਜਾਣ ਦੀ ਉਮੀਦ ਹੈ।
ਲੇਬਰ ਪਾਰਟੀ ਵੱਲੋਂ ਦੱਸਿਆ ਗਿਆ ਕਿ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਵਜੋਂ ਜੈਸਿੰਡਾ ਆਰਡਰਨ ਦੀ ਥਾਂ ਲੈਣ ਵਾਲੇ ਹਿਪਕਿਨਸ ਹੀ ਉਮੀਦਵਾਰ ਹਨ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਉਹ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਹੋਣਗੇ। ਐਤਵਾਰ ਨੂੰ 64 ਸੰਸਦ ਮੈਂਬਰਾਂ ਜਾਂ ਕਾਕਸ ਦੀ ਬੈਠਕ ‘ਚ ਉਨ੍ਹਾਂ ਨੂੰ ਦੇਸ਼ ਦਾ ਨਵਾਂ ਨੇਤਾ ਚੁਣੇ ਜਾਣ ਦੀ ਉਮੀਦ ਹੈ। ਹਿਪਕਿਨਜ਼ ਦੀ ਨਿਯੁਕਤੀ ਤੋਂ ਪਹਿਲਾਂ ਆਰਡਰਨ ਆਪਣਾ ਅਸਤੀਫਾ ਗਵਰਨਰ ਜਨਰਲ ਨੂੰ ਸੌਂਪ ਦੇਵੇਗੀ। ਸ਼ੁੱਕਰਵਾਰ ਨੂੰ ਸਥਾਨਕ ਮੀਡੀਆ ਸੰਗਠਨ ਨੇ ਰਿਸਰਚ ਹੋਰਾਈਜ਼ਨ ਰਿਸਰਚ ਪੋਲ ਦਿਖਾਇਆ, ਜਿਸ ‘ਚ ਦੱਸਿਆ ਗਿਆ ਕਿ 26 ਫੀਸਦੀ ਲੋਕ ਹਿਪਕਿਨਸ ਨੂੰ ਪ੍ਰਧਾਨ ਮੰਤਰੀ ਦੇ ਰੂਪ ‘ਚ ਦੇਖਣਾ ਚਾਹੁੰਦੇ ਹਨ।
ਕ੍ਰਿਸ ਹਿਪਕਿੰਸ ਪਹਿਲੀ ਵਾਰ 2008 ਵਿੱਚ ਲੇਬਰ ਐਮਪੀ ਵਜੋਂ ਚੁਣੇ ਗਏ ਸਨ। 44 ਸਾਲ ਦੇ ਹਿਪਕਿੰਸ ਨਵੰਬਰ 2020 ਵਿੱਚ ਕੋਵਿਡ -19 ਲਈ ਮੰਤਰੀ ਨਿਯੁਕਤ ਕੀਤੇ ਜਾਣ ਤੋਂ ਬਾਅਦ ਪ੍ਰਸਿੱਧ ਹੋ ਗਏ ਸਨ। ਇਸ ਸਮੇਂ ਉਨ੍ਹਾਂ ਕੋਲ ਪੁਲਿਸ, ਲੋਕ ਸੇਵਾ ਅਤੇ ਸਿੱਖਿਆ ਦੇ ਪੋਰਟਫੋਲੀਓ ਹਨ। ਇਸ ਤੋਂ ਇਲਾਵਾ ਹਿਪਕਿਨਜ਼ ਸਦਨ ਦੇ ਨੇਤਾ ਵਜੋਂ ਵੀ ਸੇਵਾਵਾਂ ਨਿਭਾਅ ਰਹੇ ਹਨ।