ਨਿਊਜ਼ੀਲੈਂਡ ਦੀ ਲੇਬਰ ਪਾਰਟੀ ਨੇ ਐਤਵਾਰ ਨੂੰ ਕ੍ਰਿਸ ਹਿਪਕਿਨਜ਼ ਨੂੰ ਪਾਰਟੀ ਦਾ ਨਵਾਂ ਨੇਤਾ ਅਤੇ ਦੇਸ਼ ਦਾ 41ਵਾਂ ਪ੍ਰਧਾਨ ਮੰਤਰੀ ਐਲਾਨ ਦਿੱਤਾ ਹੈ। ਲੇਬਰ ਪਾਰਟੀ ਦੀ ਅੱਜ ਦੀ ਕਾਕਸ ਮੀਟਿੰਗ ਵਿੱਚ ਹਿਪਕਿਨਜ਼ ਨੂੰ ਪਾਰਟੀ ਦਾ ਨਵਾਂ ਆਗੂ ਚੁਣ ਲਿਆ ਗਿਆ ਹੈ। ਹਿਪਕਿਨਜ਼ ਇਸ ਸਮੇਂ ਸਦਨ ਦੇ ਨੇਤਾ ਅਤੇ ਦੇਸ਼ ਦੇ ਸਿੱਖਿਆ, ਪੁਲਿਸ ਅਤੇ ਜਨਤਕ ਸੇਵਾ ਮੰਤਰੀ ਹਨ। ਉਹ ਜੈਸਿੰਡਾ ਆਰਡਰਨ ਦੀ ਥਾਂ ਲੈਣ ਵਾਲੇ ਇਕਲੌਤੇ ਨਾਮਜ਼ਦ ਵਿਅਕਤੀ ਹਨ।
ਇਸ ਦੌਰਾਨ ਕੇਲਸਟਨ ਦੇ ਸੰਸਦ ਮੈਂਬਰ ਅਤੇ ਕੈਬਨਿਟ ਮੰਤਰੀ ਕਾਰਮੇਲ ਸੇਪੁਲੋਨੀ ਨੂੰ ਉਪ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਹੈ। ਨਿਊਜ਼ੀਲੈਂਡ ਦੀ ਰਾਜਨੀਤਿਕ ਪ੍ਰਣਾਲੀ ਦੇ ਅਨੁਸਾਰ, ਸੰਸਦ ਵਿੱਚ ਬਹੁਮਤ ਵਾਲੀ ਪਾਰਟੀ ਸਰਕਾਰ ਬਣਾਉਂਦੀ ਹੈ, ਅਤੇ ਪਾਰਟੀ ਦਾ ਨੇਤਾ ਪ੍ਰਧਾਨ ਮੰਤਰੀ ਬਣ ਜਾਂਦਾ ਹੈ। ਹਿਪਕਿਨਜ਼ ਬੁੱਧਵਾਰ ਨੂੰ ਮੀਟਿੰਗ ਤੋਂ ਬਾਅਦ ਦੀ ਪ੍ਰੈਸ ਕਾਨਫਰੰਸ ਵਿੱਚ ਅਧਿਕਾਰਤ ਤੌਰ ‘ਤੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਹਫ਼ਤੇ ਵਿੱਚ ਮੰਤਰੀ ਮੰਡਲ ਵਿੱਚ ਫੇਰਬਦਲ ਵੀ ਕੀਤਾ ਜਾਵੇਗਾ। ਉਨ੍ਹਾਂ ਨੇ ਘਰੇਲੂ ਮੁੱਦਿਆਂ ‘ਤੇ ਧਿਆਨ ਕੇਂਦਰਿਤ ਕਰਨ ਦੀ ਵਚਨਬੱਧਤਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਉੱਚ ਮਹਿੰਗਾਈ, ਉੱਚ ਘਰਾਂ ਦੀਆਂ ਕੀਮਤਾਂ ਅਤੇ ਕਾਨੂੰਨ ਵਿਵਸਥਾ ਦਾ ਮੁੱਦਾ ਉਨ੍ਹਾਂ ਦੀ ਸਰਕਾਰ ਲਈ ਮੁੱਖ ਨੀਤੀਗਤ ਤਰਜੀਹਾਂ ਹੋਣਗੀਆਂ। ਆਰਡਰਨ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਹ ਫਰਵਰੀ ਵਿਚ ਪ੍ਰਧਾਨ ਮੰਤਰੀ ਅਤੇ ਲੇਬਰ ਪਾਰਟੀ ਦੀ ਨੇਤਾ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਉਹ ਇਸ ਸਾਲ ਦੁਬਾਰਾ ਚੋਣ ਨਹੀਂ ਲੜਨਗੇ। ਨਿਊਜ਼ੀਲੈਂਡ ਵਿੱਚ ਇਸ ਸਾਲ 14 ਅਕਤੂਬਰ ਨੂੰ ਆਮ ਚੋਣਾਂ ਹੋਣੀਆਂ ਹਨ।