ਚੀਨੀ ਟੈਨਿਸ ਸਟਾਰ ਪੇਂਗ ਸ਼ੁਆਈ ਨੇ ਆਪਣੇ ਦੇਸ਼ ਦੇ ਇੱਕ ਸੀਨੀਅਰ ਨੇਤਾ ‘ਤੇ ਸਨਸਨੀਖੇਜ਼ ਦੋਸ਼ ਲਗਾਏ ਹਨ। 35 ਸਾਲਾ ਪੇਂਗ ਨੇ ਸਾਬਕਾ ਉਪ ਪ੍ਰਧਾਨ ਮੰਤਰੀ ਝਾਂਗ ਗਾਓਲੀ ‘ਤੇ ਜਬਰ-ਜਨਾਹ ਦਾ ਦੋਸ਼ ਲਗਾਇਆ ਹੈ। ਪੇਂਗ ਨੇ ਚੀਨ ਦੇ ਸੋਸ਼ਲ ਮੀਡੀਆ ਪੋਸਟ ਵੇਈਬੋ ‘ਤੇ ਆਪਣੀ ਹੱਡਬੀਤੀ ਨੂੰ ਸਾਂਝਾ ਕੀਤਾ। ਹਾਲਾਂਕਿ ਉਨ੍ਹਾਂ ਨੇ ਇਸ ਪੋਸਟ ਨੂੰ ਕੁੱਝ ਸਮੇਂ ਬਾਅਦ ਡਿਲੀਟ ਕਰ ਦਿੱਤਾ ਪਰ ਪੇਂਗ ਦੀ ਪੋਸਟ ਦੇ ਸਕਰੀਨਸ਼ਾਟ ਵਾਇਰਲ ਹੋ ਰਹੇ ਹਨ। ਇਸ ਖੁਲਾਸੇ ਤੋਂ ਬਾਅਦ ਪੇਂਗ ਦਾ ਨਾਂ ਇੰਟਰਨੈੱਟ ‘ਤੇ ਤੇਜ਼ੀ ਨਾਲ ਸਰਚ ਕੀਤਾ ਜਾ ਰਿਹਾ ਹੈ। ਪੋਲਿਟ ਬਿਊਰੋ ਚੀਨ ਦੀ ਸਭ ਤੋਂ ਉੱਚ ਫੈਸਲਾ ਲੈਣ ਵਾਲੀ ਸੰਸਥਾ ਹੈ।
ਚੀਨ ਦੀ ਮਸ਼ਹੂਰ ਟੈਨਿਸ ਖਿਡਾਰੀ ਪੇਂਗ ਸ਼ੁਆਈ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸ਼ੇਅਰ ਕਰਕੇ ਪੂਰੇ ਦੇਸ਼ ‘ਚ ਭੂਚਾਲ ਲਿਆ ਦਿੱਤਾ ਹੈ। ਵਿਸ਼ਵ ਦੀ ਨੰਬਰ 1 ਟੈਨਿਸ ਡਬਲਜ਼ ਖਿਡਾਰਨ ਦਾ ਖਿਤਾਬ ਜਿੱਤਣ ਵਾਲੀ ਸ਼ੁਆਈ ਨੇ ਚੀਨ ਦੇ ਸਾਬਕਾ ਉਪ ਪ੍ਰਧਾਨ ਮੰਤਰੀ ‘ਤੇ ਜਿਨਸੀ (ਸਰੀਰਕ ) ਸੰਬੰਧ ਦਾ ਦੋਸ਼ ਲਗਾਇਆ ਹੈ। ਹਾਲਾਂਕਿ ਖਿਡਾਰੀ ਨੇ ਅੱਧੇ ਘੰਟੇ ਦੇ ਅੰਦਰ ਆਪਣੀ ਪੋਸਟ ਨੂੰ ਡਿਲੀਟ ਕਰ ਦਿੱਤਾ, ਪਰ ਕਈ ਲੋਕਾਂ ਨੇ ਪੋਸਟ ਨੂੰ ਦੁਬਾਰਾ ਪੋਸਟ ਕਰ ਦਿੱਤਾ, ਜੋ ਤੇਜ਼ੀ ਨਾਲ ਵਾਇਰਲ ਹੋ ਗਿਆ। ਇੱਕ ਅੰਗਰੇਜ਼ੀ ਨਿਊਜ਼ ਏਜੰਸੀ ਮੁਤਾਬਕ ਪੇਂਗ ਸ਼ੁਆਈ ਨੇ ਕਿਹਾ ਕਿ ਪੋਲਿਟ ਬਿਊਰੋ ਸਟੈਂਡਿੰਗ ਕਮੇਟੀ ਦੇ ਸਾਬਕਾ ਮੈਂਬਰ ਝਾਂਗ ਗਾਓਲੀ ਨੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਸੀ। ਹਾਲਾਂਕਿ, ਉਸ ਨੇ ਇਹ ਵੀ ਕਿਹਾ ਕਿ ਬਾਅਦ ਵਿੱਚ ਦੋਵਾਂ ਵਿੱਚ ਸਹਿਮਤੀ ਨਾਲ ਸਬੰਧ ਬਣ ਗਏ ਸੀ।
ਇਸ ਦੇ ਨਾਲ ਹੀ ਪੇਂਗ ਨੇ ਪੋਸਟ ‘ਚ ਕਿਹਾ ਕਿ ਉਹ ਆਪਣੇ ਦੋਸ਼ਾਂ ਦੇ ਸਮਰਥਨ ਲਈ ਕੋਈ ਸਬੂਤ ਨਹੀਂ ਦੇ ਸਕਦੀ। ਉੱਥੇ ਹੀ ਅੱਜ ਉਪ ਪ੍ਰਧਾਨ ਮੰਤਰੀ ਦਫ਼ਤਰ ਅਤੇ ਵਿਦੇਸ਼ ਮੰਤਰਾਲੇ ਨੇ ਵੀ ਇਸ ਸਬੰਧ ਵਿੱਚ ਕੋਈ ਜਵਾਬ ਨਹੀਂ ਦਿੱਤਾ ਹੈ। ਵਿਦੇਸ਼ ਮੰਤਰਾਲੇ ਨੇ ਸਪੱਸ਼ਟ ਕੀਤਾ ਕਿ ਇਹ ਮਾਮਲਾ ਇਸ ਨਾਲ ਸਬੰਧਿਤ ਨਹੀਂ ਹੈ। 2018 ‘ਚ #MeToo ਅੰਦੋਲਨ ਸ਼ੁਰੂ ਹੋਣ ਤੋਂ ਪਹਿਲਾਂ ਚੀਨ ‘ਚ ਜਿਨਸੀ ਸ਼ੋਸ਼ਣ ਦੇ ਮਾਮਲੇ ਘੱਟ ਆ ਰਹੇ ਸਨ ਪਰ ਹੁਣ ਇਹ ਮਾਮਲੇ ਹੌਲੀ-ਹੌਲੀ ਵੱਧ ਰਹੇ ਹਨ।