ਚੀਨ ਨੇ ਲਗਭਗ ਇਕ ਮਹੀਨੇ ਤੋਂ ‘ਲਾਪਤਾ’ ਵਿਦੇਸ਼ ਮੰਤਰੀ ਕਿਨ ਗੈਂਗ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ ਅਤੇ ਉਨ੍ਹਾਂ ਦੀ ਥਾਂ ‘ਤੇ ਨਵੇਂ ਵਿਦੇਸ਼ ਮੰਤਰੀ ਦੇ ਨਾਂ ਦਾ ਐਲਾਨ ਕੀਤਾ ਹੈ। ਮੰਗਲਵਾਰ ਨੂੰ ਜਾਣਕਾਰੀ ਦਿੰਦੇ ਹੋਏ ਚੀਨ ਦੇ ਸਰਕਾਰੀ ਮੀਡੀਆ ਨੇ ਕਿਹਾ ਕਿ ਵਾਂਗ ਯੀ ਨੂੰ ਚੀਨ ਦਾ ਨਵਾਂ ਵਿਦੇਸ਼ ਮੰਤਰੀ ਨਿਯੁਕਤ ਕੀਤਾ ਗਿਆ ਹੈ। ‘ਲਾਪਤਾ’ ਕਿਨ ਗੈਂਗ ਨੂੰ ਵਿਦੇਸ਼ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਉਨ੍ਹਾਂ ਨੂੰ ਹਟਾਉਣ ਦਾ ਕਾਰਨ ਸਪੱਸ਼ਟ ਨਹੀਂ ਹੈ ਪਰ ਉਹ ਵਿਆਹ ਤੋਂ ਬਾਹਰਲੇ ਸਬੰਧਾਂ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ।
ਹਾਲਾਂਕਿ 57 ਸਾਲਾ ਕਿਨ ਗੈਂਗ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਜਗ੍ਹਾ ਵਿਦੇਸ਼ ਮੰਤਰਾਲੇ ਦਾ ਕੰਮ ਕੌਣ ਦੇਖ ਰਿਹਾ ਹੈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਕਿਨ ਗੈਂਗ ਨੂੰ ਆਖਰੀ ਵਾਰ 25 ਜੂਨ ਨੂੰ ਦੇਖਿਆ ਗਿਆ ਸੀ, ਜਦੋਂ ਉਹ ਇੱਕ ਜਨਤਕ ਸਮਾਗਮ ਵਿੱਚ ਸ਼ਾਮਿਲ ਹੋਏ ਸੀ ਜਿਸ ਵਿੱਚ ਉਨ੍ਹਾਂ ਨੇ ਰੂਸੀ, ਸ਼੍ਰੀਲੰਕਾ ਅਤੇ ਵੀਅਤਨਾਮੀ ਅਧਿਕਾਰੀਆਂ ਨਾਲ ਮੀਟਿੰਗਾਂ ਵਿੱਚ ਹਿੱਸਾ ਲਿਆ ਸੀ। ਉਦੋਂ ਤੋਂ ਉਹ ਜਨਤਕ ਤੌਰ ‘ਤੇ ਨਜ਼ਰ ਨਹੀਂ ਆਏ।