ਚੀਨ ਵਿੱਚ ਸੋਮਵਾਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ ਹੈ। ਜਿੱਥੇ ਇੱਕ ਯਾਤਰੀ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ, ਜਿਸ ਵਿੱਚ 133 ਲੋਕ ਸਵਾਰ ਸਨ। ਇਹ ਘਟਨਾ ਦੇਸ਼ ਦੇ ਦੱਖਣ-ਪੱਛਮੀ ਹਿੱਸੇ ਵਿੱਚ ਵਾਪਰੀ। ਇਸ ਹਾਦਸੇ ‘ਚ ਕਿੰਨੇ ਲੋਕ ਜ਼ਖਮੀ ਹੋਏ ਹਨ, ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਚੀਨ ਦੇ ਅਧਿਕਾਰਤ ਚੈਨਲ ਨੇ ਦੱਸਿਆ ਹੈ ਕਿ ਬੋਇੰਗ 737 ਜਹਾਜ਼ ਗੁਆਂਗਸੀ ਖੇਤਰ ਦੇ ਵੁਝੂ ਸ਼ਹਿਰ ਦੇ ਨੇੜੇ ਇੱਕ ਪੇਂਡੂ ਖੇਤਰ ਵਿੱਚ ਕ੍ਰੈਸ਼ ਹੋਇਆ ਹੈ। ਜਹਾਜ਼ ਦੇ ਕ੍ਰੈਸ਼ ਹੁੰਦੇ ਹੀ ਅੱਗ ਦਾ ਵੱਡਾ ਧਮਾਕਾ ਦੇਖਿਆ ਗਿਆ। ਬਚਾਅ ਟੀਮਾਂ ਨੂੰ ਮੌਕੇ ‘ਤੇ ਭੇਜਿਆ ਗਿਆ ਹੈ।
ਇਸ ਘਟਨਾ ਦੀਆਂ ਕੁੱਝ ਵੀਡਿਓਜ਼ ਸਾਹਮਣੇ ਆਈਆਂ ਹਨ ਜਿਨ੍ਹਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਹ ਹਾਦਸਾ ਕਿੰਨਾ ਭਿਆਨਕ ਹੈ। ਵੀਡੀਓ ‘ਚ ਚਾਰੇ ਪਾਸੇ ਅੱਗ ਦੀਆਂ ਲਪਟਾਂ ਦੇਖਣ ਨੂੰ ਮਿਲ ਰਹੀਆਂ ਹਨ। MU 5735 ਜਹਾਜ਼ ਨੇ ਦੱਖਣ-ਪੱਛਮੀ ਚੀਨ ਦੇ ਯੂਨਾਨ ਸੂਬੇ ਦੇ ਕੁਨਮਿੰਗ ਸ਼ਹਿਰ ਦੇ ਚਾਂਗਸ਼ੂਈ ਹਵਾਈ ਅੱਡੇ ਤੋਂ ਦੁਪਹਿਰ 1.15 ਵਜੇ ਉਡਾਣ ਭਰੀ। ਇਸ ਨੇ 3 ਵਜੇ ਤੱਕ ਗੁਆਂਗਡੋਂਗ ਸੂਬੇ ਦੇ ਗੁਆਂਗਜ਼ੂ ਪਹੁੰਚਣਾ ਸੀ ਪਰ ਉਸ ਤੋਂ ਪਹਿਲਾਂ ਹੀ ਇਹ ਹਾਦਸਾ ਵਾਪਰ ਗਿਆ।