ਚੀਨ ‘ਚ ਇੱਕ ਵਿਅਕਤੀ ਦਾ ਲੈਪਟਾਪ ਉਸ ਦੇ ਹੋਟਲ ਦੇ ਕਮਰੇ ‘ਚੋਂ ਚੋਰੀ ਹੋ ਗਿਆ ਸੀ। ਵਿਅਕਤੀ ਨੇ ਇਸ ਦੀ ਸੂਚਨਾ ਹੋਟਲ ਸਟਾਫ ਨੂੰ ਦਿੱਤੀ ਸੀ। ਪਰ ਗੱਲਬਾਤ ਦੌਰਾਨ ਵਿਅਕਤੀ ਦੀ ਹੋਟਲ ਸਟਾਫ ਨਾਲ ਬਹਿਸ ਹੋ ਗਈ। ਇਸ ਤੋਂ ਬਾਅਦ ਉਹ ਭੜਕ ਗਿਆ ਅਤੇ ਆਪਣੀ ਸਪੋਰਟਸ ਕਾਰ ਨੂੰ ਸਿੱਧਾ ਹੋਟਲ ਦੀ ਲਾਬੀ ਵਿੱਚ ਵਾੜ ਦਿੱਤਾ। ਇਸ ਦੌਰਾਨ ਹੋਟਲ ਦਾ ਦਰਵਾਜ਼ਾ ਪੂਰੀ ਤਰ੍ਹਾਂ ਟੁੱਟ ਗਿਆ ਅਤੇ ਕੁਝ ਸਾਮਾਨ ਵੀ ਨੁਕਸਾਨਿਆ ਗਿਆ। ਇਸ ਤੋਂ ਬਾਅਦ ਇਸ ਘਟਨਾ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ।.
ਇਹ ਘਟਨਾ 10 ਜਨਵਰੀ ਨੂੰ ਸ਼ੰਘਾਈ ਦੇ ਇੱਕ ਹੋਟਲ ਵਿੱਚ ਵਾਪਰੀ ਸੀ। ਇਸ ਦੇ ਇੱਕ ਦਿਨ ਬਾਅਦ ਹੀ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਸਾਫ ਦਿਖਾਈ ਦੇ ਰਿਹਾ ਹੈ ਕਿ ਵਿਅਕਤੀ ਨੇ ਆਪਣੀ ਚਿੱਟੇ ਰੰਗ ਦੀ ਸਪੋਰਟਸ ਕਾਰ ਨੂੰ ਸਿੱਧਾ ਹੋਟਲ ਦੀ ਲਾਬੀ ‘ਚ ਮਾਰਿਆ। ਇਸ ਦੌਰਾਨ ਉਸ ਨੇ ਆਪਣੀ ਕਾਰ ਨਾਲ ਹੋਟਲ ਦੇ ਦਰਵਾਜ਼ੇ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਦਰਵਾਜ਼ਾ ਟੁੱਟ ਗਿਆ।ਹਾਲਾਂਕਿ ਇਸ ਘਟਨਾ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ।
ਘਟਨਾ ਦੀ ਜਾਣਕਾਰੀ ਦਿੰਦੇ ਹੋਏ ਉੱਥੋਂ ਦੀ ਸਥਾਨਕ ਪੁਲਸ ਨੇ ਦੱਸਿਆ ਕਿ ਇਹ ਘਟਨਾ ਮੰਗਲਵਾਰ ਸਵੇਰੇ ਵਾਪਰੀ ਸੀ। ਹੋਟਲ ਦੀ ਲਾਬੀ ਵਿੱਚ ਆਪਣੀ ਸਪੋਰਟਸ ਕਾਰ ਨੂੰ ਵਾੜਨ ਵਾਲੇ ਵਿਅਕਤੀ ਦਾ ਨਾਮ ਚੇਨ ਹੈ। ਹੋਟਲ ਦੇ ਕਮਰੇ ਤੋਂ ਲੈਪਟਾਪ ਚੋਰੀ ਹੋਣ ਤੋਂ ਬਾਅਦ ਚੇਨ ਨੇ ਹੋਟਲ ਸਟਾਫ ਨੂੰ ਸ਼ਿਕਾਇਤ ਕੀਤੀ ਸੀ। ਇਸ ਦੌਰਾਨ ਉਸ ਨੇ ਹੋਟਲ ਦੇ ਕਰਮਚਾਰੀਆਂ ਨਾਲ ਬਹਿਸ ਕੀਤੀ ਅਤੇ ਉਨ੍ਹਾਂ ‘ਤੇ ਜ਼ੋਰ-ਜ਼ੋਰ ਨਾਲ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਪੁਲਿਸਨੇ ਦੱਸਿਆ ਕਿ ਇਸ ਘਟਨਾ ‘ਚ ਕੋਈ ਜ਼ਖਮੀ ਨਹੀਂ ਹੋਇਆ ਹੈ। ਫਿਲਹਾਲ ਚੇਨ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।