ਨਿਊਜ਼ੀਲੈਂਡ ‘ਚ ਚੋਰੀਆਂ ਦਾ ਸਿਲਸਿਲਾ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ। ਬੁੱਧਵਾਰ ਨੂੰ ਹੈਮਿਲਟਨ ਨੇੜੇ ਇੱਕ ਸਰਵਿਸ ਸਟੇਸ਼ਨ ‘ਤੇ ਡਕੈਤੀ ਦੀ ਵਾਰਦਾਤ ਵਾਪਰੀ ਹੈ, ਉੱਥੇ ਹੀ ਇੱਕ ਅਹਿਮ ਗੱਲ ਇਹ ਹੈ ਕਿ ਇਸ ਮਗਰੋਂ ਬਾਰਾਂ ਲੋਕਾਂ ਜਿਨ੍ਹਾਂ ‘ਚ ਜਿਆਦਾਤਰ ਬੱਚੇ ਅਤੇ ਕਿਸ਼ੋਰ ਸ਼ਾਮਿਲ ਹਨ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸਟਾਫ ਦੀ ਕੁੱਟਮਾਰ ਅਤੇ ਸਿਗਰਟਾਂ ਚੋਰੀ ਹੋਣ ਤੋਂ ਬਾਅਦ ਪੁਲਿਸ ਨੂੰ ਸਵੇਰੇ 7 ਵਜੇ ਹੋਰੋਟੀਯੂ ਰੋਡ ‘ਤੇ ਸਰਵਿਸ ਸਟੇਸ਼ਨ ‘ਤੇ ਬੁਲਾਇਆ ਗਿਆ ਸੀ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਤਿੰਨ ਚੋਰੀ ਹੋਏ ਵਾਹਨਾਂ ‘ਚ ਬਾਅਦ ਵਿੱਚ ਸਰਵਿਸ ਸਟੇਸ਼ਨ ਤੋਂ ਫਰਾਰ ਹੋ ਗਏ ਸਨ।
ਇਸ ਮਗਰੋਂ ਇੱਕ ਸ਼ੱਕੀ ਇੱਕ 15 ਸਾਲਾ ਨੌਜਵਾਨ ਨੂੰ ਪੁਲਿਸ ਨੇ ਜਲਦੀ ਹੀ ਲੱਭ ਲਿਆ ਅਤੇ ਹਿਰਾਸਤ ਵਿੱਚ ਲੈ ਲਿਆ ਸੀ। ਪੁਲਿਸ ਨੇ ਕਿਹਾ ਕਿ ਥੋੜ੍ਹੇ ਸਮੇਂ ਬਾਅਦ ਉਨ੍ਹਾਂ ਨੂੰ ਇੱਕ ਰਿਹਾਇਸ਼ੀ ਪਤੇ ‘ਤੇ ਬਹੁਤ ਸਾਰੇ ਨੌਜਵਾਨ ਮਿਲੇ, ਜਿੱਥੇ ਚੋਰੀ ਹੋਏ ਨਕਦੀ ਰਜਿਸਟਰ ਅਤੇ ਵੱਡੀ ਮਾਤਰਾ ਵਿੱਚ ਸਿਗਰਟਾਂ ਵੀ ਮਿਲੀਆਂ। ਇਸ ਤੋਂ ਇਲਾਵਾ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਲੋਕਾਂ ਵਿੱਚੋਂ 10 ਦੀ ਉਮਰ 9 ਤੋਂ 15 ਸਾਲ ਦੇ ਵਿਚਕਾਰ ਸੀ ਅਤੇ ਉਹਨਾਂ ਨਾਲ ਯੁਵਾ ਨਿਆਂ ਪ੍ਰਕਿਰਿਆ ਦੁਆਰਾ ਨਜਿੱਠਿਆ ਜਾ ਰਿਹਾ ਸੀ, ਜਿਸ ਵਿੱਚ ਕਈ ਪਹਿਲਾਂ ਹੀ ਯੂਥ ਕੋਰਟ ਵਿੱਚ ਪੇਸ਼ ਹੋ ਚੁੱਕੇ ਸਨ। ਹੈਮਿਲਟਨ ਦੀ ਇੱਕ 22 ਸਾਲਾ ਔਰਤ ‘ਤੇ ਵੀ ਲੁੱਟ ਅਤੇ ਮੋਟਰ ਵਾਹਨ ਚੋਰੀ ਕਰਨ ਦਾ ਦੋਸ਼ ਲਗਾਇਆ ਗਿਆ ਹੈ।