ਕੱਲ੍ਹ ਦੁਪਹਿਰ ਬੇਅ ਆਫ਼ ਪਲੈਂਟੀ ਵਿੱਚ ਕੁੱਤਿਆਂ ਦੇ ਹਮਲੇ ਤੋਂ ਬਾਅਦ ਚਾਰ ਸਾਲ ਤੋਂ ਘੱਟ ਉਮਰ ਦੇ ਇੱਕ ਬੱਚੇ ਦੀ ਮੌਤ ਹੋਣ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਇੱਕ ਬਾਲਗ ਜ਼ਖਮੀ ਵੀ ਹੋ ਗਿਆ। ਕਾਟੀਕਾਟੀ ਵਿੱਚ ਦੋ ਲੋਕਾਂ ਨੂੰ “ਕੁੱਤੇ ਦੇ ਵੱਢਣ” ਤੋਂ ਬਾਅਦ ਦੁਪਹਿਰ 2.50 ਵਜੇ ਦੇ ਕਰੀਬ ਪੁਲਿਸ ਨੂੰ ਬੁਲਾਇਆ ਗਿਆ ਸੀ। ਪੁਲਿਸ ਨੇ ਕਿਹਾ ਕਿ ਇੱਕ ਬੱਚੇ ਨੂੰ ਗੰਭੀਰ ਹਾਲਤ ਵਿੱਚ ਕਾਟੀਕਾਟੀ ਮੈਡੀਕਲ ਸੈਂਟਰ ਲਿਜਾਇਆ ਗਿਆ, ਜਿੱਥੇ ਥੋੜ੍ਹੀ ਦੇਰ ਬਾਅਦ ਉਸ ਦੀ ਮੌਤ ਹੋ ਗਈ। ਜਦਕਿ ਇੱਕ ਬਾਲਗ ਨੂੰ ਦਰਮਿਆਨੀ ਸੱਟਾਂ ਨਾਲ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਉਹ ਅਜੇ ਵੀ ਜੇਰੇ ਇਲਾਜ਼ ਹੈ। ਪੁਲਿਸ ਨੇ ਕਿਹਾ ਕਿ ਪਸ਼ੂ ਪ੍ਰਬੰਧਨ ਸਟਾਫ ਨੇ “ਘਟਨਾ ਵਿੱਚ ਸ਼ਾਮਲ ਕੁੱਤਿਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ”। ਪੁਲਿਸ ਕੋਰੋਨਰ ਵੱਲੋਂ ਘਟਨਾ ਦੀ ਜਾਂਚ ਕਰ ਰਹੀ ਹੈ।
