ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਨਾਮ ਸਿੰਘ ਚੜੂਨੀ ਸ਼ਨੀਵਾਰ ਨੂੰ ਚੰਡੀਗੜ੍ਹ ਵਿੱਚ ਇੱਕ ਪ੍ਰੈੱਸ ਕਾਨਫਰੰਸ ਕਰਨ ਜਾ ਰਹੇ ਹਨ। ਇਸ ਦੌਰਾਨ ਚੜੂਨੀ ਆਪਣੀ ਨਵੀਂ ਪਾਰਟੀ ਦਾ ਐਲਾਨ ਕਰ ਸਕਦੇ ਹਨ। ਚੜੂਨੀ ਪਹਿਲਾਂ ਹੀ ਮਿਸ਼ਨ ਪੰਜਾਬ ਤਹਿਤ ਚੋਣਾਂ ਲੜਨ ਦਾ ਐਲਾਨ ਕਰ ਚੁੱਕੇ ਹਨ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਜੇਕਰ ਦੇਸ਼ ਨੂੰ ਬਚਾਉਣ ਅਤੇ ਪੂੰਜੀਵਾਦ ਨੂੰ ਹਰਾਉਣ ਲਈ ਸਿਆਸਤ ਕਰਨੀ ਪਈ ਤਾਂ ਪਿੱਛੇ ਨਹੀਂ ਹਟਿਆ ਜਾਵੇਗਾ। ਦਿੱਲੀ ਦੀਆਂ ਸਰਹੱਦਾਂ ’ਤੇ ਲੰਮੇ ਸਮੇਂ ਤੋਂ ਚੱਲੇ ਅੰਦੋਲਨ ਵਿੱਚ ਕਿਸਾਨਾਂ ਨੇ ਆਪਣੇ ਸੰਘਰਸ਼ ਰਾਹੀਂ ਸਫ਼ਲਤਾ ਹਾਸਿਲ ਕੀਤੀ ਹੈ। ਹੁਣ ਇੱਕਮੁੱਠ ਹੋ ਕੇ ਹੱਕਾਂ ਦੀ ਰਾਖੀ ਦਾ ਇਹ ਸਿਲਸਿਲਾ ਦੇਸ਼ ਭਰ ਵਿੱਚ ਦੁਹਰਾਇਆ ਜਾਵੇਗਾ, ਜਿਸ ਦਾ ਪਹਿਲਾ ਟ੍ਰੇਲਰ ਪੰਜਾਬ ਚੋਣਾਂ ਵਿੱਚ ਦੇਖਣ ਨੂੰ ਮਿਲੇਗਾ। ਹਾਲਾਂਕਿ ਉਹ ਇੱਥੇ ਖੁਦ ਚੋਣ ਨਹੀਂ ਲੜਨਗੇ।
ਚੜੂਨੀ ਨੇ ਆਪਣੇ ਮਿਸ਼ਨ ਪੰਜਾਬ ਤਹਿਤ ਫਤਿਹਗੜ੍ਹ ਸਾਹਿਬ ਦੇ ਦੌਰੇ ਦੌਰਾਨ ਉਮੀਦਵਾਰ ਦਾ ਐਲਾਨ ਵੀ ਕੀਤਾ ਹੈ। ਹਾਲਾਂਕਿ ਸੰਯੁਕਤ ਕਿਸਾਨ ਮੋਰਚਾ ਪੰਜਾਬ ਵਿੱਚ ਚੋਣ ਲੜਨ ਦੇ ਉਨ੍ਹਾਂ ਦੇ ਫੈਸਲੇ ਨਾਲ ਸਹਿਮਤ ਨਹੀਂ ਹੈ। ਪਰ ਚੜੂਨੀ ਆਪਣੇ ਫੈਸਲੇ ‘ਤੇ ਅੜੇ ਹੋਏ ਹਨ। ਇੱਥੇ ਇਹ ਹੀ ਦੱਸ ਦੇਈਏ ਕਿ ਚੜੂਨੀ ਪਹਿਲੀ ਵਾਰ ਚੋਣ ਮੈਦਾਨ ‘ਚ ਨਹੀਂ ਉੱਤਰ ਰਹੇ ਉਹ ਇਸ ਤੋਂ ਪਹਿਲਾ ਖੁਦ ਵੀ ਚੋਣਾਂ ਲੜ ਚੁੱਕੇ ਹਨ, ਹਾਲਾਂਕਿ ਉਨ੍ਹਾਂ ਨੂੰ ਉਸ ਸਮੇਂ ਸਫਲਤਾ ਨਹੀਂ ਮਿਲੀ ਸੀ।