ਟੇਸਲਾ ਦੇ ਸੀਈਓ ਅਤੇ ਸਪੇਸਐਕਸ ਦੇ ਸੰਸਥਾਪਕ ਐਲੋਨ ਮਸਕ ਨੇ ਟਵਿੱਟਰ ਨੂੰ ਖਰੀਦਦੇ ਹੀ ਇੱਕ ਵੱਡਾ ਐਲਾਨ ਕੀਤਾ ਹੈ। ਹੁਣ ਟਵਿਟਰ ਯੂਜ਼ਰਸ ਨੂੰ ਬਲੂ ਟਿੱਕ ਲੈਣ ਲਈ ਹਰ ਮਹੀਨੇ ਭੁਗਤਾਨ ਕਰਨਾ ਪਏਗਾ। ਇਸ ਬਲੂ ਟਿੱਕ ਫੀਸ ਬਾਰੇ ਖੁਲਾਸਾ ਕਰਦੇ ਹੋਏ ਐਲੋਨ ਮਸਕ ਨੇ ਕਿਹਾ ਹੈ ਕਿ ਇਸ ਦੇ ਲਈ ਯੂਜ਼ਰਸ ਨੂੰ ਹਰ ਮਹੀਨੇ 8 ਡਾਲਰ ਯਾਨੀ 660 ਰੁਪਏ ਦੇਣੇ ਪੈਣਗੇ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਇਹ ਬਲੂ ਟਿੱਕ ਲੋਕਾਂ ਦੀ ਵੱਡੀ ਤਾਕਤ ਬਣੇਗਾ। ਐਲੋਨ ਮਸਕ ਨੇ Blue Tick ਵਾਲੇ ਲੋਕਾਂ ਨੂੰ ਮਿਲਣ ਵਾਲੇ ਫਾਇਦਿਆਂ ਬਾਰੇ ਵੀ ਦੱਸਿਆ।
ਟਵਿੱਟਰ ‘ਤੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਬਲੂ ਟਿੱਕ ਧਾਰਕਾਂ ਨੂੰ ਜਵਾਬ, ਜ਼ਿਕਰ ਅਤੇ ਖੋਜ ਵਿਚ ਪਹਿਲ ਦਿੱਤੀ ਜਾਵੇਗੀ, ਜੋ ਕਿ ਬਹੁਤ ਮਹੱਤਵਪੂਰਨ ਹੈ। ਇਸ ਤੋਂ ਇਲਾਵਾ ਬਲੂ ਟਿੱਕ ਵਾਲੇ ਲੋਕ ਲੰਬੀ ਆਡੀਓ ਅਤੇ ਵੀਡੀਓ ਵੀ ਪੋਸਟ ਕਰ ਸਕਣਗੇ। ਇੰਨਾ ਹੀ ਨਹੀਂ ਇਨ੍ਹਾਂ ਲਈ ਇਸ਼ਤਿਹਾਰਾਂ ਦੀ ਗਿਣਤੀ ਵੀ ਘਟਾਈ ਜਾਵੇਗੀ। ਤੁਹਾਨੂੰ ਦੱਸ ਦੇਈਏ ਕਿ ਐਲੋਨ ਮਸਕ ਦੇ ਐਲਾਨ ਤੋਂ ਪਹਿਲਾਂ ਖਬਰ ਆਈ ਸੀ ਕਿ ਮਸਕ ਜਲਦ ਹੀ ਯੂਜ਼ਰਸ ਤੋਂ ਕਮਾਈ ਕਰਨ ਲਈ ਟਵਿਟਰ ਬਲੂ ਸਬਸਕ੍ਰਿਪਸ਼ਨ ਦੇ ਜ਼ਰੀਏ ਮੋਟੀ ਰਕਮ ਵਸੂਲਣ ਦੀ ਯੋਜਨਾ ਬਣਾ ਰਹੇ ਹਨ। ਮੀਡੀਆ ਰਿਪੋਰਟਾਂ ਰਾਹੀਂ ਇਹ ਜਾਣਕਾਰੀ ਸਾਹਮਣੇ ਆਈ ਸੀ। ਪਰ ਹੁਣ ਮਸਕ ਨੇ ਖੁਦ ਖੁਲਾਸਾ ਕੀਤਾ ਹੈ ਕਿ ਯੂਜ਼ਰਸ ਨੂੰ ਬਲੂ ਟਿੱਕ ਲਈ ਹਰ ਮਹੀਨੇ 8 ਡਾਲਰ ਖਰਚ ਕਰਨੇ ਪੈਣਗੇ।