ਪੰਜਾਬ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ‘ਚ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਚੱਲ ਰਹੀਆਂ ਅਟਕਲਾਂ ਦਾ ਐਤਵਾਰ ਨੂੰ ਅੰਤ ਹੋ ਗਿਆ ਹੈ। ਐਤਵਾਰ ਨੂੰ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ ਨੇ ਐਲਾਨ ਕੀਤਾ ਹੈ ਕਿ ਚਰਨਜੀਤ ਸਿੰਘ ਚੰਨੀ ਕਾਂਗਰਸ ਦਾ ਮੁੱਖ ਮੰਤਰੀ ਚਿਹਰਾ ਹੋਣਗੇ। ਉਨ੍ਹਾਂ ਕਿਹਾ ਕਿ ਮੈਂ ਚੰਨੀ ਜੀ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਪੁੱਛਿਆ ਕਿ ਤੁਹਾਡੇ ਪਿਤਾ ਜੀ ਕੀ ਕਰਦੇ ਹਨ। ਚੰਨੀ ਜੀ ਗਰੀਬ ਘਰ ਦੇ ਬੇਟੇ ਹਨ ਅਤੇ ਗਰੀਬੀ ਨੂੰ ਸਮਝਦੇ ਹਨ, ਗਰੀਬੀ ਤੋਂ ਬਾਹਰ ਆਏ ਹਨ। ਜਦੋਂ ਚੰਨੀ ਜੀ ਮੁੱਖ ਮੰਤਰੀ ਬਣੇ ਤਾਂ ਤੁਸੀਂ ਨੋਟ ਕੀਤਾ ਹੋਵੇਗਾ ਕਿ ਤੁਸੀਂ ਉਨ੍ਹਾਂ ਵਿੱਚ ਹੰਕਾਰ ਦੇਖਿਆ ਸੀ? ਥੋੜਾ ਜਿਹਾ ਵੀ? ਨਹੀਂ। ਉਹ ਮੁੱਖ ਮੰਤਰੀ ਹਨ ਅਤੇ ਜਨਤਾ ਵਿੱਚ ਜਾਂਦੇ ਹਨ, ਪਰ ਕੀ ਤੁਸੀਂ ਕਦੇ ਪ੍ਰਧਾਨ ਮੰਤਰੀ ਜਾਂ ਯੋਗੀ ਜੀ ਨੂੰ ਲੋਕਾਂ ਦੀ ਮਦਦ ਕਰਦੇ ਦੇਖਿਆ ਹੈ? ਉਹ ਲੋਕ ਰਾਜੇ ਹਨ। ਚੰਨੀ ਜੀ ਮੁੱਖ ਮੰਤਰੀ ਬਣਨ ਨਹੀਂ ਆਏ, ਪੰਜਾਬ ਦੀ ਸੇਵਾ ਕਰਨ ਆਏ ਹਨ।
ਐਤਵਾਰ ਨੂੰ ਲੁਧਿਆਣਾ ਪਹੁੰਚੇ ਰਾਹੁਲ ਗਾਂਧੀ ਵੱਲੋਂ ਵਰਚੁਅਲ ਰੈਲੀ ਦੌਰਾਨ ਚਰਨਜੀਤ ਚੰਨੀ ਨੂੰ ਕਾਂਗਰਸ ਦਾ CM ਫੇਸ ਐਲਾਨਿਆ ਗਿਆ ਹੈ। ਚਰਚਾ ਸੀ ਕਿ ਕਾਂਗਰਸ ਅੰਦਰ ਮੁੱਖ ਮੰਤਰੀ ਦੀ ਕੁਰਸੀ ਦੀ ਦਾਅਵੇਦਾਰੀ ਨੂੰ ਲੈ ਕੇ ਚੱਲ ਰਹੀ ਕਸ਼ਮਕਸ਼ ਅਤੇ ਖਹਿਬਾਜ਼ੀ ਦਰਮਿਆਨ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਸਰਕਾਰ ਬਣਨ ਉਤੇ ਢਾਈ-ਢਾਈ ਸਾਲ ਲਈ ਮੁੱਖ ਮੰਤਰੀ ਬਣਾ ਦਿੱਤਾ ਜਾਵੇਗਾ। ਪਰ ਚੰਨੀ ਨੇ ਸਪਸ਼ਟ ਕਰ ਦਿੱਤਾ ਸੀ ਕਿ ਇਹ ਸੰਭਵ ਨਹੀਂ ਹੈ। ਉਨ੍ਹਾਂ ਇਹ ਵੀ ਆਖਿਆ ਸੀ ਕਿ ਇਹ ਲਾਲੇ ਦੀ ਦੁਕਾਨ ਨਹੀਂ ਜੋ ਅੱਧੀ-ਅੱਧੀ ਕਰ ਲਈ ਜਾਵੇ।