ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਤੋਂ ਬਾਅਦ ਹੁਣ ਪੰਜਾਬ ਦੀ ਸਿਆਸਤ ਵਿੱਚ ਐਤਵਾਰ ਨੂੰ ਫਿਰ ਇੱਕ ਵੱਡਾ ਉਲਟਫੇਰ ਹੋਇਆ ਹੈ। ਇਸ ਸਮੇਂ ਵੱਡੀ ਖਬਰ ਇਹ ਹੈ ਕਿ ਪੰਜਾਬ ਦੇ ਨਵੇਂ ਮੁੱਖ ਮੰਤਰੀ ਦਾ ਐਲਾਨ ਕਰ ਦਿੱਤਾ ਗਿਆ ਹੈ। ਕਾਂਗਰਸ ਹਾਈਕਮਾਨ ਵੱਲੋਂ ਕੁੱਝ ਦੇਰ ਪਹਿਲਾ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਐਲਾਨ ਦਿੱਤਾ ਗਿਆ ਹੈ। ਇਹ ਐਲਾਨ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਦਰਅਸਲ ਚੰਨੀ ਇੱਕ ਦਲਿੱਤ ਚਿਹਰਾ ਹਨ ਤੇ ਮੰਨਿਆ ਜਾ ਰਿਹਾ ਹੈ ਕਿ ਦਲਿੱਤ ਵੋਟਰਾਂ ਨੂੰ ਖੁਸ਼ ਕਰਨ ਲਈ ਹੀ ਇਹ ਫੈਸਲਾ ਲਿਆ ਗਿਆ ਹੈ। ਇਸ ਤੋਂ ਪਹਿਲਾਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਮੁੱਖ ਮੰਤਰੀ ਐਲਾਨਣ ਬਾਰੇ ਤੈਅ ਮੰਨਿਆ ਜਾ ਰਿਹਾ ਸੀ ਤੇ ਇਸ ਸਬੰਧੀ ਕਈ ਵਿਧਾਇਕਾਂ ਨੇ ਐਲਾਨ ਵੀ ਕਰ ਦਿੱਤਾ ਸੀ ਪਰ ਅਚਾਨਕ ਹਾਈਕਮਾਨ ਨੇ ਫੈਸਲਾ ਬਦਲ ਲਿਆ ਹੈ।
It gives me immense pleasure to announce that Sh. #CharanjitSinghChanni has been unanimously elected as the Leader of the Congress Legislature Party of Punjab.@INCIndia @RahulGandhi @INCPunjab pic.twitter.com/iboTOvavPd
— Harish Rawat (@harishrawatcmuk) September 19, 2021
ਦੱਸਿਆ ਜਾ ਰਿਹਾ ਹੈ ਕਿ ਰੰਧਾਵਾ ਨੂੰ ਮੁੱਖ ਮੰਤਰੀ ਬਣਾਉਣ ਬਾਰੇ ਕਈ ਕਾਂਗਰਸੀ ਵਿਧਾਇਕ ਨਰਾਜ਼ ਸਨ। ਦੂਜਾ, ਕਾਂਗਰਸ ਹਾਈਕਮਾਨ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਦਲਿੱਤ ਵੋਟਾਂ ਲੈਣ ਲਈ ਰਣਨੀਤੀ ਤਿਆਰ ਕਰ ਰਹੀ ਹੈ। ਇਹੀ ਕਾਰਨ ਹੈ ਕਿ ਜਿਹੜਾ ਨਾਮ ਮੁੱਖ ਮੰਤਰੀ ਵਜੋਂ ਚਰਚਾ ਵਿੱਚ ਹੀ ਨਹੀਂ ਸੀ, ਉਸ ਨੂੰ ਇਹ ਅਹੁਦਾ ਸੌਂਪ ਦਿੱਤਾ ਗਿਆ ਹੈ। ਚਰਨਜੀਤ ਸਿੰਘ ਚੰਨੀ ਪੰਜਾਬ ਕਾਂਗਰਸ ਦੇ ਇੱਕ ਦਲਿਤ ਆਗੂ ਹਨ। ਉਹ ਪੰਜਾਬ ਸਰਕਾਰ ਵਿੱਚ ਫਿਲਹਾਲ ਰੁਜ਼ਗਾਰ ਮੰਤਰੀ ਸਨ। ਉਹ ਵਿਧਾਨ ਸਭ ਵਿੱਚ ਸੀਐਲਪੀ ਲੀਡਰ ਦੀ ਭੂਮਿਕਾ ਵੀ ਨਿਭਾ ਚੁੱਕੇ ਹਨ। ਚਰਨਜੀਤ ਸਿੰਘ ਚੰਨੀ ਚਮਕੌਰ ਤੋਂ ਕਾਂਗਰਸ ਦੇ ਵਿਧਾਇਕ ਹਨ। ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਵਾਉਣ ਅਤੇ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਬਗਾਵਤ ਕਰਨ ਵਾਲਿਆਂ ਵਿੱਚ ਚੰਨੀ ਵੀ ਸਨ। ਮੁੱਖ ਮੰਤਰੀ ਵਜੋਂ ਨਾਮ ਦਾ ਐਲਾਨ ਹੋਣ ਮਗਰੋਂ ਚਰਨਜੀਤ ਸਿੰਘ ਚੰਨੀ ਰਾਜਪਾਲ ਨੂੰ ਮਿਲਣ ਰਾਜ ਭਵਨ ਪਹੁੰਚੇ ਹਨ।