ਦਿੱਲੀ ਵਿੱਚ ਮੀਟਿੰਗ ਤੋਂ ਬਾਅਦ ਕੈਬਨਿਟ ਮੰਤਰੀਆਂ ਦੀ ਸੂਚੀ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਮੁੱਖ ਮੰਤਰੀ ਨੇ ਰਾਜਪਾਲ ਨੂੰ ਨਵੇਂ ਮੰਤਰੀਆਂ ਦੀ ਲਿਸਟ ਸੌਂਪ ਦਿੱਤੀ ਹੈ ਤੇ ਐਤਵਾਰ 4.30 ਵਜੇ ਨਵੇਂ ਮੰਤਰੀਆਂ ਵੱਲੋ ਸਹੁੰ ਚੁੱਕੀ ਜਾਵੇਗੀ। ਦਿੱਲੀ ਤੋਂ ਲੈਕੇ ਚੰਡੀਗੜ੍ਹ ਤੱਕ ਚੱਲੀਆਂ ਲੰਬੀਆਂ ਮੀਟਿੰਗਾਂ ਤੋਂ ਬਾਅਦ ਅੱਜ ਪੰਜਾਬ ਦੇ ਨਵੇਂ ਵਜ਼ੀਰ ਸਹੁੰ ਚੁੱਕਣਗੇ। ਅੱਜ ਸ਼ਾਮ ਸਾਢੇ ਚਾਰ ਵਜੇ ਰਾਜਪਾਲ ਪੰਜਾਬ ਦੇ ਨਵੇਂ ਮੰਤਰੀਆਂ ਨੂੰ ਸਹੁੰ ਚੁਕਾਉਣਗੇ। ਜਾਣਕਾਰੀ ਅਨੁਸਾਰ ਕੈਬਨਿਟ ਵਿਸਥਾਰ ‘ਚ 15 ਮੰਤਰੀ ਸ਼ਾਮਿਲ ਕੀਤੇ ਜਾਣਗੇ। ਮੰਤਰੀ ਮੰਡਲ ‘ਚ 7 ਨਵੇਂ ਚਿਹਰਿਆਂ ਨੂੰ ਥਾਂ ਮਿਲ ਸਕਦੀ ਹੈ।
ਉੱਥੇ ਹੀ ਕਿਹਾ ਜਾ ਰਹਿ ਹੈ ਕਿ ਕੈਪਟਨ ਅਮਰਿੰਦਰ ਸਮਰਥਕ 5 ਮੰਤਰੀਆਂ ਦੀ ਛੁੱਟੀ ਦੀ ਤਿਆਰੀ ਹੈ। ਜਦਕਿ ਕੈਪਟਨ ਸਰਕਾਰ ਦੇ 8 ਮੰਤਰੀ ਆਪਣੀ ਥਾਂ ਬਚਾਉਣ ‘ਚ ਕਾਮਯਾਬ ਰਹਿ ਸਕਦੇ ਹਨ। ਮੁੱਖ ਮੰਤਰੀ ਚੰਨੀ ਤੇ ਦੋ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਤੇ ਓਪੀ ਸੋਨੀ ਸਮੇਤ ਕੁੱਲ 18 ਵਿਧਾਇਕਾਂ ਨੂੰ ਮੰਤਰੀ ਮੰਡਲ ‘ਚ ਸ਼ਾਮਿਲ ਕੀਤਾ ਜਾ ਸਕਦਾ ਹੈ।
ਕਿੰਨਾ ਨੂੰ ਮਿਲੇਗੀ ਕੈਬਨਿਟ ‘ਚ ਥਾਂ?
ਸੂਤਰਾਂ ਮੁਤਾਬਕ ਪਰਗਟ ਸਿੰਘ, ਰਾਜਕੁਮਾਰ ਵੇਰਕਾ, ਗੁਰਕੀਰਤ ਸਿੰਘ ਕੋਟਲੀ, ਸੰਗਤ ਸਿੰਘ ਗਿਲਜ਼ੀਆਂ, ਅਮਰਿੰਦਰ ਸਿੰਘ ਰਾਜਾ ਵੜਿੰਗ, ਕੁਲਜੀਤ ਨਾਗਰਾ ਤੇ ਰਾਣਾ ਗੁਰਜੀਤ ਸਿੰਘ ਮੰਤਰੀ ਮੰਡਲ ‘ਚ ਸ਼ਾਮਿਲ ਕੀਤੇ ਜਾ ਸਕਦੇ ਹਨ। ਪੰਜਾਬ ਦੇ ਸੰਭਾਵਿਤ ਮੰਤਰੀਆਂ ‘ਚ ਪਰਗਟ ਸਿੰਘ, ਰਾਜਕੁਮਾਰ ਵੇਰਕਾ, ਗੁਰਕੀਰਤ ਸਿੰਘ ਕੋਟਲੀ, ਅਮਰਿੰਦਰ ਰਾਜਾ, ਕੁਲਜੀਤ ਨਾਗਰਾ, ਸੰਗਤ ਸਿੰਘ ਗਿਲਜੀਆਂ ਤੇ ਰਾਣਾ ਗੁਰਜੀਤ ਸਿੰਘ ਸਹੁੰ ਚੁੱਕ ਸਕਦੇ ਹਨ। ਪਰਗਟ ਸਿੰਘ ਲਗਾਤਾਰ ਸਿੱਧੂ ਦੇ ਨਾਲ ਰਹੇ ਹਨ। ਗਿਲਜ਼ੀਆਂ ਤੇ ਨਾਗਰਾ ਪੰਜਾਬ ਕਾਂਗਰਸ ਚ ਕਾਰਜਕਾਰੀ ਪ੍ਰਧਾਨ ਹਨ ਤੇ ਵੇਰਕਾ ਪਾਰਟੀ ਦਾ SC ਚਿਹਰਾ ਹਨ।
ਕਿੰਨਾ ਦੀ ਹੋ ਸਕਦੀ ਹੈ ਛੁੱਟੀ ?
ਕੈਬਨਿਟ ਵਿਸਥਾਰ ‘ਚ ਨਵੇਂ ਚਿਹਰੇ ਆਉਣਗੇ ਤਾਂ ਪੁਰਾਣੇ ਚਿਹਰੇ ਵੀ ਬਾਹਰ ਹੋਣਗੇ। ਮੀਡੀਆ ਰਿਪੋਰਟਸ ਦੇ ਅਨੁਸਾਰ ਅਮਰਿੰਦਰ ਸਮਰਥਕ ਮੰਤਰੀ ਸਾਧੂ ਸਿੰਘ ਧਰਮਸੋਤ, ਸੁੰਦਰ ਸ਼ਿਆਮ ਅਰੋੜਾ, ਗੁਰਪ੍ਰੀਤ ਕਾਂਗੜ, ਰਾਣਾ ਗੁਰਮੀਤ ਸੋਢੀ ਤੇ ਬਲਬੀਰ ਸਿੱਧੂ ਦਾ ਪੱਤਾ ਕੱਟ ਸਕਦਾ ਹੈ।