ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਨਵੇਂ ਸਾਲ ਦੇ ਜਸ਼ਨਾਂ ਨੂੰ ਲੈ ਕੇ ਸੁਰੱਖਿਆ ਅਤੇ ਟ੍ਰੈਫਿਕ ਪ੍ਰਬੰਧਾਂ ਨੂੰ ਧਿਆਨ ‘ਚ ਰੱਖਦੇ ਹੋਏ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਤਹਿਤ ਲੋਕਾਂ ਨੂੰ ਦੱਸਿਆ ਗਿਆ ਹੈ ਕਿ ਕੁੱਝ ਇਲਾਕਿਆਂ ਨੂੰ ਵਾਹਨ ਜ਼ੋਨ ਐਲਾਨਿਆ ਗਿਆ ਹੈ। ਟਰੈਫਿਕ ਪੁਲਿਸ ਨੇ ਕਿਹਾ ਹੈ ਕਿ ਇਹ ਪ੍ਰਬੰਧ ਲੋਕਾਂ ਦੀ ਸੁਰੱਖਿਆ ਅਤੇ ਨਵੇਂ ਸਾਲ ਨੂੰ ਸ਼ਾਂਤੀਪੂਰਵਕ ਢੰਗ ਨਾਲ ਮਨਾਉਣ ਲਈ ਕੀਤੇ ਗਏ ਹਨ। ਕੁੱਝ ਸੜਕਾਂ 31 ਦਸੰਬਰ ਨੂੰ ਰਾਤ 10 ਵਜੇ ਤੋਂ ਰਾਤ 2 ਵਜੇ ਤੱਕ ਵਾਹਨਾਂ ਲਈ ਪੂਰੀ ਤਰ੍ਹਾਂ ਬੰਦ ਰਹਿਣਗੀਆਂ। ਇਸ ਦੇ ਨਾਲ ਹੀ ਜਿਨ੍ਹਾਂ ਲੋਕਾਂ ਦੇ ਇਨ੍ਹਾਂ ਥਾਵਾਂ ‘ਤੇ ਮਕਾਨ ਹਨ, ਉਨ੍ਹਾਂ ਨੂੰ ਜਾਇਜ਼ ਸ਼ਨਾਖਤੀ ਕਾਰਡ ਅਤੇ ਰਿਹਾਇਸ਼ੀ ਸਬੂਤ ਲੈ ਕੇ ਆਉਣ ਲਈ ਕਿਹਾ ਗਿਆ ਹੈ ਤਾਂ ਜੋ ਉਨ੍ਹਾਂ ਦੇ ਵਾਹਨਾਂ ਦੀ ਐਂਟਰੀ ਹੋ ਸਕੇ।
ਇਹ ਸੜਕਾਂ 31 ਨੂੰ ਰਾਤ 10 ਤੋਂ 2 ਵਜੇ ਤੱਕ ਬੰਦ ਰਹਿਣਗੀਆਂ
ਸੈਕਟਰ 7 ਅੰਦਰਲੀ ਮਾਰਕੀਟ ਰੋਡ, ਸੈਕਟਰ 8 ਅੰਦਰਲੀ ਮਾਰਕੀਟ ਰੋਡ, ਸੈਕਟਰ 9 ਅੰਦਰਲੀ ਮਾਰਕੀਟ ਰੋਡ, ਸੈਕਟਰ 10 ਅੰਦਰਲੀ ਮਾਰਕੀਟ ਰੋਡ, ਸੈਕਟਰ 17 ਅੰਦਰੂਨੀ ਸੜਕਾਂ, ਸੈਕਟਰ 10 ਮਿਊਜ਼ੀਅਮ ਐਂਡ ਆਰਟ ਗੈਲਰੀ ਸਾਹਮਣੇ ਰੋਡ, ਸੈਕਟਰ 22 ਅਰੋਮਾ ਰੋਡ ਲਾਈਟ ਪੁਆਇੰਟ ਤੋਂ ਡਿਸਪੈਂਸਰੀ ਨੇੜੇ ਛੋਟੇ ਚੌਕ ਤੱਕ। ਨਵੇਂ ਸਾਲ ਸ਼ੁਰੂਆਤ ਦੌਰਾਨ ਏਲਾਂਟੇ ਮਾਲ ਦੇ ਸਾਹਮਣੇ ਵਾਲੀ ਸੜਕ ‘ਤੇ ਇੱਕ ਤਰਫਾ ਆਵਾਜਾਈ ਦੀ ਵਿਵਸਥਾ ਹੋਵੇਗੀ। ਇਸ ਦੇ ਨਾਲ ਹੀ ਲੋਕਾਂ ਨੂੰ ਆਪਣੇ ਵਾਹਨ ਨਿਰਧਾਰਿਤ ਪਾਰਕਿੰਗ ਖੇਤਰ ਵਿੱਚ ਹੀ ਪਾਰਕ ਕਰਨ ਲਈ ਕਿਹਾ ਗਿਆ ਹੈ। ਸਾਈਕਲ ਟਰੈਕਾਂ, ਫੁੱਟਪਾਥਾਂ ਅਤੇ ਮੁੱਖ ਸੜਕਾਂ ‘ਤੇ ਵਾਹਨ ਪਾਰਕ ਨਾ ਕਰੋ। ਇਸ ਵਿਚ ਕਿਹਾ ਗਿਆ ਹੈ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਟ੍ਰੈਫਿਕ ਪੁਲਿਸ ਵਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਅਜਿਹੇ ਲੋਕਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਉਨ੍ਹਾਂ ਦਾ ਡਰਾਈਵਿੰਗ ਲਾਇਸੈਂਸ ਵੀ ਮੁਅੱਤਲ ਕੀਤਾ ਜਾ ਸਕਦਾ ਹੈ।
ਇਸ ਤੋਂ ਇਲਾਵਾ ਜਿਹੜੇ ਲੋਕ ਨਵੇਂ ਸਾਲ ਦੇ ਜਸ਼ਨਾਂ ‘ਤੇ ਸੜਕਾਂ ‘ਤੇ ਸ਼ਰਾਬ ਪੀਂਦੇ ਫੜੇ ਗਏ ਜਾਂ ਸ਼ੋਰ ਪ੍ਰਦੂਸ਼ਣ ਕਰਦੇ ਦੇਖੇ ਗਏ ਜਾਂ ਹੁੱਲੜਬਾਜ਼ੀ ਕਰਦੇ ਫੜੇ ਗਏ, ਉਨ੍ਹਾਂ ਨਾਲ ਵੀ ਪੁਲਿਸ ਸਖਤੀ ਨਾਲ ਨਜਿੱਠੇਗੀ। ਇਸ ਤੋਂ ਇਲਾਵਾ ਨਵੇਂ ਸਾਲ ‘ਤੇ ਵਿਸ਼ੇਸ਼ ਸ਼ਰਾਬੀ ਡਰਾਈਵਿੰਗ ਨਾਕੇ ਲਗਾਏ ਜਾਣਗੇ। ਇਸ ਦੇ ਨਾਲ ਹੀ ਸ਼ਰਾਬ ਪੀ ਕੇ ਗੱਡੀ ਚਲਾਉਣ ਸਬੰਧੀ ਵੀ ਅਚਨਚੇਤ ਚੈਕਿੰਗ ਕੀਤੀ ਜਾਵੇਗੀ। ਇਸ ਦੌਰਾਨ ਟ੍ਰੈਫਿਕ ਪੁਲਿਸ ਦੇ ਕਰਮਚਾਰੀ ਵਿਸ਼ੇਸ਼ ਤੌਰ ‘ਤੇ ਸੜਕਾਂ ‘ਤੇ ਟ੍ਰੈਫਿਕ ਨੂੰ ਕੰਟਰੋਲ ਕਰਦੇ ਨਜ਼ਰ ਆਉਣਗੇ।