ਕਿਸਾਨਾਂ ਨੇ ਸ਼ਨੀਵਾਰ ਨੂੰ ਕੇਂਦਰ ਦੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਆਪਣੇ ਅੰਦੋਲਨ ਦੇ ਸੱਤ ਮਹੀਨੇ ਪੂਰੇ ਹੋਣ ‘ਤੇ ਕਈ ਰਾਜਾਂ ਦੇ ਰਾਜਪਾਲਾਂ ਦੇ ਘਰਾਂ ਤੱਕ ਮਾਰਚ ਕੀਤਾ ਸੀ, ਅਤੇ ਮੰਗ ਪੱਤਰ ਸੌਂਪੇ। ਕਿਸਾਨਾਂ ਨੇ ਪੈਦਲ ਮਾਰਚ ਕਰਦਿਆਂ ਚੰਡੀਗੜ੍ਹ ਵੱਲ ਵੀ ਕੂਚ ਕੀਤਾ ਸੀ। ਕਿਸਾਨਾਂ ਵੱਲੋਂ 26 ਜੂਨ ਨੂੰ ਚੰਡੀਗੜ੍ਹ ਵਿੱਚ ਕੀਤੇ ਮਾਰਚ ਮਗਰੋਂ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਚੰਡੀਗੜ੍ਹ ਪੁਲਿਸ ਨੇ ਕਿਸਾਨਾਂ ਦੀ ਆਮਦ ਨੂੰ ਲੈ ਕੇ ਲੱਖਾ ਸਿਧਾਣਾ, ਜੱਸ ਬਾਜਵਾ, ਸੋਨੀਆ ਮਾਨ ਤੇ ਕਿਸਾਨ ਆਗੂ ਦੀਪ ਰਾਜਿੰਦਰ ਸਿੰਘਵਾਲਾ, ਬਲਦੇਵ ਸਿੰਘ ਸਿਰਸਾ ਅਤੇ ਕਈ ਹੋਰ ਅਣਪਛਾਤੇ ਕਿਸਾਨਾਂ ‘ਤੇ ਪਰਚੇ ਦਰਜ ਕੀਤੇ ਹਨ। ਪੁਲਿਸ ਨੇ ਇਲਜ਼ਾਮ ਲਗਾਇਆ ਹੈ ਕਿ ਲੱਖਾ ਸਿਧਾਣਾ ਨੇ ਆਗੂਆਂ ਨੇ ਕਿਸਾਨਾਂ ਨੂੰ ਬੈਰੀਕੇਡ ਤੋੜਣ ਲਈ ਉਕਸਾਇਆ ਸੀ।
ਦਰਅਸਲ ਕਿਸਾਨਾਂ ਦੇ ਮਾਰਚ ਦੌਰਾਨ ਕਈ ਥਾਵਾਂ ਤੋਂ ਝੜਪਾਂ ਦੀਆਂ ਖਬਰਾਂ ਵੀ ਆਈਆਂ ਸਨ। ਪ੍ਰਦਰਸ਼ਨ ਦੌਰਾਨ ਕਿਸਾਨਾਂ ਨੇ ਚੰਡੀਗੜ੍ਹ ਪੁਲਿਸ ਵੱਲੋਂ ਲਗਾਈ ਬੈਰੀਕੇਡਿੰਗ ਤੋੜ ਦਿੱਤੀ ਸੀ। ਪੰਜਾਬ ਦੇ ਕਿਸਾਨ ਪੰਜਾਬ ਰਾਜ ਭਵਨ ਤੱਕ ਮੁਹਾਲੀ ਤੋਂ ਪੈਦਲ ਮਾਰਚ ਕਰਦੇ ਹੋਏ ਅਤੇ ਬੈਰੀਕੇਡ ਤੋੜਦੇ ਹੋਏ ਚੰਡੀਗੜ੍ਹ ਵਿੱਚ ਦਾਖਲ ਹੋ ਗਏ ਸਨ। ਇਸ ਦੌਰਾਨ ਪੁਲਿਸ ਨਾਲ ਜਬਰਦਸਤ ਝੜਪ ਵੀ ਹੋਈ। ਕਿਸਾਨਾਂ ਨੂੰ ਰੋਕਣ ਲਈ ਪੁਲਿਸ ਵੱਲੋ ਲਗਾਈ ਗਈ ਬੈਰੀਕੇਡਿੰਗ ਨੂੰ ਕਿਸਾਨਾਂ ਨੇ ਟਰੈਕਟਰਾਂ ਨਾਲ ਤੋੜ ਦਿੱਤਾ ਸੀ, ਜਦਕਿ ਪੁਲਿਸ ਦੀ ਵਾਟਰ ਕੈਨਨ ਨੂੰ ਵੀ ਪਿਛਲੀ ਵਾਰ ਦੀ ਤਰਾਂ ਕਿਸਾਨਾਂ ਨੇ ਫਿਰ ਬੰਦ ਕਰ ਦਿੱਤਾ ਸੀ। ਸਿਰਫ ਬੈਰੀਕੇਡਿੰਗ ਹੀ ਨਹੀਂ, ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ ਸੀਮਿੰਟ ਦੇ ਬੀਮ ਵੀ ਲਗਾਏ ਸਨ।
ਦੱਸ ਦਈਏ ਕਿ ਸ਼ਨੀਵਾਰ ਨੂੰ ਹਜ਼ਾਰਾਂ ਕਿਸਾਨ ਪੁਲਿਸ ਦੀਆਂ ਸਾਰੀਆਂ ਰੋਕਾਂ ਨੂੰ ਹਟਾਉਂਦੇ ਹੋਏ ਚੰਡੀਗੜ੍ਹ ਵਿੱਚ ਸੱਤ ਕਿਲੋਮੀਟਰ ਤੱਕ ਅੰਦਰ ਦਾਖਲ ਹੋ ਗਏ ਸੀ। ਬੇਸ਼ੱਕ ਪੁਲਿਸ ਨੇ ਸਖਤ ਪ੍ਰਬੰਧ ਕੀਤੇ ਸੀ ਪਰ ਕਿਸਾਨਾਂ ਅੱਗੇ ਇਹ ਫਿੱਕੇ ਹੀ ਸਾਬਿਤ ਹੋਏ, ਕਿਸਾਨਾਂ ਨੇ ਇਨ੍ਹਾਂ ਨੂੰ ਤਾਸ਼ ਦੇ ਪੱਤਿਆਂ ਵਾਂਗ ਢਹਿ-ਢੇਰੀ ਕਰ ਦਿੱਤਾ ਸੀ। ਬੀਤੇ ਦਿਨ ਕਾਫੀ ਸਮੇਂ ਮਗਰੋਂ ਪਹਿਲੀ ਵਾਰ ਚੰਡੀਗੜ੍ਹ ਪੁਲਿਸ ਕਿਸਾਨਾਂ ਦੇ ਹੜ੍ਹ ਸਾਹਮਣੇ ਬੇਵੱਸ ਨਜ਼ਰ ਆਈ ਸੀ।