ਭਲਕੇ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। ਦਰਅਸਲ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਸ਼ੁੱਕਰਵਾਰ ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ‘ਚ ਮਾਣਹਾਨੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਸਿੱਧੂ ਖ਼ਿਲਾਫ਼ ਮਾਮਲਾ ਚੰਡੀਗੜ੍ਹ ਪੁਲਿਸ ਦੇ ਡੀਐਸਪੀ ਦਿਲਸ਼ੇਰ ਸਿੰਘ ਚੰਦੇਲ ਨੇ ਦਰਜ ਕਰਵਾਇਆ ਹੈ ਅਤੇ ਇਸ ਮਾਮਲੇ ਦੀ ਸੁਣਵਾਈ ਸੋਮਵਾਰ ਨੂੰ ਹੋਵੇਗੀ। ਮਾਮਲੇ ਮੁਤਾਬਕ ਦੋ ਮਹੀਨੇ ਪਹਿਲਾਂ ਇੱਕ ਚੋਣ ਰੈਲੀ ਵਿੱਚ ਸਿੱਧੂ ਨੇ ਪੰਜਾਬ ਪੁਲਿਸ ਖਿਲਾਫ ਵਿਵਾਦਿਤ ਬਿਆਨ ਦਿੱਤਾ ਸੀ। ਇਸ ’ਤੇ ਡੀਐਸਪੀ ਦਿਲਸ਼ੇਰ ਸਿੰਘ ਨੇ ਕਾਨੂੰਨੀ ਨੋਟਿਸ ਭੇਜ ਕੇ ਸਿੱਧੂ ਨੂੰ ਮੁਆਫ਼ੀ ਮੰਗਣ ਲਈ ਕਿਹਾ ਸੀ ਪਰ ਨੋਟਿਸ ਦਾ ਕੋਈ ਜਵਾਬ ਨਾ ਮਿਲਣ ’ਤੇ ਡੀਐਸਪੀ ਨੇ ਆਪਣੇ ਵਕੀਲ ਡਾਕਟਰ ਸੂਰਿਆਪ੍ਰਕਾਸ਼ ਰਾਹੀਂ ਜ਼ਿਲ੍ਹਾ ਅਦਾਲਤ ਵਿੱਚ ਕੇਸ ਦਾਇਰ ਕਰ ਦਿੱਤਾ। ਚੰਦੇਲ ਨੇ ਸਿੱਧੂ ਖ਼ਿਲਾਫ਼ ਮਾਣਹਾਨੀ ਦਾ ਕੇਸ ਚਲਾਏ ਜਾਣ ਅਤੇ ਉਨ੍ਹਾਂ ’ਤੇ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ।
ਦਰਅਸਲ ਪਿਛਲੇ ਸਾਲ ਦਸੰਬਰ ’ਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸੁਲਤਾਨਪੁਰ ਲੋਧੀ ’ਚ ਕਾਂਗਰਸੀ ਉਮੀਦਵਾਰ ਨਵਤੇਜ ਸਿੰਘ ਚੀਮਾ ਲਈ ਚੋਣ ਰੈਲੀ ਦੌਰਾਨ ਪੰਜਾਬ ਪੁਲਿਸ ਦਾ ਮਜ਼ਾਕ ਉਡਾਇਆ ਸੀ। ਉਨ੍ਹਾਂ ਦੱਸਿਆ ਕਿ ਚੰਦੇਲ ਦਾ ਤਰਕ ਹੈ ਕਿ ਸਿੱਧੂ ਦੇ ਬਿਆਨ ਨਾਲ ਪੂਰੀ ਦੁਨੀਆ ’ਚ ਇਹ ਸੰਦੇਸ਼ ਜਾ ਰਿਹਾ ਹੈ ਕਿ ਭਾਰਤੀ ਫੋਰਸ ਬੇਹੱਦ ਕਮਜ਼ੋਰ ਹੈ। ਉਨ੍ਹਾਂ ਕਿਹਾ ਕਿ ਅਜਿਹੇ ਬਿਆਨਾਂ ਨਾਲ ਦੇਸ਼ ਦੀ ਫ਼ੌਜ ਦਾ ਮਨੋਬਲ ਘਟਦਾ ਹੈ। ਇਹ ਮਾਮਲਾ 18 ਦਸੰਬਰ, 2021 ਨੂੰ ਸਿੱਧੂ ਵੱਲੋਂ ਸੁਲਤਾਨਪੁਰ ਲੋਧੀ ’ਚ ਕਾਂਗਰਸੀ ਉਮੀਦਵਾਰ ਨਵਤੇਜ ਸਿੰਘ ਚੀਮਾ ਲਈ ਚੋਣ ਰੈਲੀ ਦਾ ਸੀ ਜਿਸ ’ਚ ਸਿੱਧੂ ਨੇ ਪੰਜਾਬ ਪੁਲਿਸ ਦਾ ਮਜ਼ਾਕ ਉਡਾਇਆ ਸੀ ਤੇ ਕਿਹਾ ਸੀ ਕਿ ਇਹ ਆਗੂ ਦਬਕੇ ਨਾਲ ਥਾਣੇਦਾਰ ਦੀ ਪੈਂਟ ਗਿੱਲੀ ਕਰ ਦਿੰਦਾ ਹੈ। ਡੀਐੱਸਪੀ ਚੰਦੇਲ ਨੇ ਸਿੱਧੂ ਦੇ ਇਸ ਬਿਆਨ ਨੂੰ ਬੇਹੱਦ ਇਤਰਾਜ਼ਯੋਗ ਦੱਸਿਆ ਸੀ। ਉਨ੍ਹਾਂ ਕਿਹਾ ਕਿ ਇਸ ਨਾਲ ਇਹ ਸੰਦੇਸ਼ ਜਾਂਦਾ ਹੈ ਕਿ ਦੇਸ਼ ਦੀ ਪੁਲਿਸ ਇੰਨੀ ਕਮਜ਼ੋਰ ਹੈ ਕਿ ਇਕ ਐੱਮਐੱਲਏ ਉਮੀਦਵਾਰ ਤੋਂ ਡਰ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਿਆਸੀ ਆਗੂਆਂ ਨੂੰ ਭਾਸ਼ਣ ਦਿੰਦੇ ਸਮੇਂ ਜ਼ਿੰਮੇਵਾਰ ਹੋਣਾ ਚਾਹੀਦਾ ਹੈ।