ਟੇਸਲਾ ਕੰਪਨੀ ਦੇ ਮਾਲਕ ਐਲੋਨ ਮਸਕ ਟਵਿਟਰ ਦੇ ਬੌਸ ਬਣ ਗਏ ਹਨ। ਐਲੋਨ ਮਸਕ ਨੇ ਆਪਣੇ ਟਵਿੱਟਰ ਬਾਇਓ ਵਿੱਚ ਪਲੇਟਫਾਰਮ ਦੇ ਮੁਖੀ ਹੋਣ ਦਾ ਜ਼ਿਕਰ ਕੀਤਾ ਹੈ। ਇਸ ਦੌਰਾਨ ਹੁਣ ਖ਼ਬਰ ਹੈ ਕਿ ਐਲੋਨ ਮਸਕ ਨੇ ਟਵਿਟਰ ਦੇ ਸੀਈਓ ਪਰਾਗ ਅਗਰਵਾਲ ਸਮੇਤ ਕੁੱਝ ਵੱਡੇ ਅਧਿਕਾਰੀਆਂ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ। ਅਮਰੀਕੀ ਮੀਡੀਆ ਰਿਪੋਰਟਾਂ ਮੁਤਾਬਿਕ ਸੀਈਓ ਪਰਾਗ ਅਗਰਵਾਲ ਦੇ ਨਾਲ ਪਾਲਿਸੀ ਚੀਫ ਵਿਜੇ ਗਡਡੇ ਨੂੰ ਵੀ ਬਰਖਾਸਤ ਕਰ ਦਿੱਤਾ ਗਿਆ ਹੈ। ਪਰਾਗ ਸਮੇਤ ਸੀਨੀਅਰ ਅਧਿਕਾਰੀਆਂ ਨੂੰ ਵੀ ਸੈਨ ਫਰਾਂਸਿਸਕੋ ਹੈੱਡਕੁਆਰਟਰ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਇਨ੍ਹਾਂ ਅਧਿਕਾਰੀਆਂ ਵਿੱਚ ਸੀਐਫਓ ਨੇਡ ਸੇਗਲ ਵੀ ਸ਼ਾਮਿਲ ਹਨ। ਦਰਅਸਲ, 13 ਅਪ੍ਰੈਲ ਨੂੰ ਐਲੋਨ ਮਸਕ ਨੇ ਟਵਿਟਰ ਨੂੰ ਖਰੀਦਣ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਇਸ ਪਲੇਟਫਾਰਮ ਨੂੰ $54.2 ਪ੍ਰਤੀ ਸ਼ੇਅਰ ਦੀ ਦਰ ਨਾਲ $44 ਬਿਲੀਅਨ ਵਿੱਚ ਖਰੀਦਣ ਦੀ ਪੇਸ਼ਕਸ਼ ਕੀਤੀ ਸੀ।
ਹਾਲਾਂਕਿ ਇਸ ਦੌਰਾਨ ਉਨ੍ਹਾਂ ਦੀ ਡੀਲ ਨੂੰ ਰੋਕ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਐਲੋਨ ਮਸਕ ਨੇ 8 ਜੁਲਾਈ ਨੂੰ ਡੀਲ ਖਤਮ ਕਰਨ ਦਾ ਫੈਸਲਾ ਕੀਤਾ ਪਰ ਇਸ ਮਹੀਨੇ ਦੀ ਸ਼ੁਰੂਆਤ ‘ਚ ਉਨ੍ਹਾਂ ਨੇ ਡੀਲ ਨੂੰ ਪੂਰਾ ਕਰਨ ਦਾ ਫੈਸਲਾ ਕੀਤਾ। ਐਲੋਨ ਮਸਕ ਵੀਰਵਾਰ ਨੂੰ ਟਵਿੱਟਰ ਦੇ ਦਫਤਰ ‘ਚ ਨਜ਼ਰ ਆਏ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈ। ਇਸ ਦੇ ਨਾਲ ਹੀ, ਅਮਰੀਕੀ ਮੀਡੀਆ ਰਿਪੋਰਟਾਂ ਦੇ ਅਨੁਸਾਰ, ਟਵਿਟਰ ਦੇ ਸੀਈਓ ਪਰਾਗ ਅਗਰਵਾਲ, ਸੀਐਫਓ ਨੇਡ ਸੇਗਲ ਸਮੇਤ ਲੀਗਲ ਅਫੇਅਰ-ਪਾਲਿਸੀ ਹੈੱਡ ਵਿਜੇ ਗਡਡੇ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਖ਼ਬਰ ਇਹ ਵੀ ਹੈ ਕਿ ਜਿਸ ਸਮੇਂ ਟਵਿੱਟਰ ਨਾਲ ਐਲੋਨ ਮਸਕ ਦੀ ਡੀਲ ਹੋ ਰਹੀ ਸੀ, ਉਸ ਸਮੇਂ ਪਰਾਗ ਅਗਰਵਾਲ ਅਤੇ ਨੇਡ ਸੇਗਲ ਦਫ਼ਤਰ ਵਿੱਚ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਦਫ਼ਤਰ ਤੋਂ ਬਾਹਰ ਕੱਢ ਦਿੱਤਾ ਗਿਆ ਸੀ।