ਕੇਂਦਰ ਅਤੇ ਪੰਜਾਬ ਸਰਕਾਰ ਨੇ ਸਰਹੱਦੀ ਖੇਤਰ ਵਿੱਚ ਪਾਕਿਸਤਾਨ ਨਾਲ ਮੁਕਾਬਲਾ ਕਰਨ ਲਈ ਨਵੀਂ ਰਣਨੀਤੀ ਬਣਾਈ ਹੈ। ਹੁਣ ਪਠਾਨਕੋਟ ਦੇ ਪਿੰਡ ਸਕੋਲ ਵਿੱਚ ਨੈਸ਼ਨਲ ਸਕਿਉਰਿਟੀ ਗਾਰਡ (ਐਨ.ਐਸ.ਜੀ.) ਕੇਂਦਰ ਸਥਾਪਿਤ ਕੀਤਾ ਜਾਵੇਗਾ। ਇਸ ਦੇ ਲਈ ਪੰਜਾਬ ਸਰਕਾਰ ਕੇਂਦਰ ਨੂੰ 103 ਏਕੜ ਜ਼ਮੀਨ ਮੁਫ਼ਤ ਦੇਵੇਗੀ। ਪੰਜਾਬ ਸਰਕਾਰ ਨੇ ਇਸ ਸਬੰਧੀ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਪੱਤਰ ਭੇਜਿਆ ਹੈ। ਨਾਲ ਹੀ ਅਪੀਲ ਕੀਤੀ ਕਿ ਇਸ ਦਿਸ਼ਾ ਵਿੱਚ ਪਹਿਲ ਦੇ ਆਧਾਰ ‘ਤੇ ਕੰਮ ਕੀਤਾ ਜਾਵੇ।
ਜਾਣਕਾਰੀ ਅਨੁਸਾਰ ਕੇਂਦਰ ਤੇ ਪੰਜਾਬ ਸਰਕਾਰ ਵਿਚਾਲੇ ਕਰੀਬ 3 ਸਾਲਾਂ ਤੋਂ ਗੱਲਬਾਤ ਚੱਲ ਰਹੀ ਸੀ ਪਰ ਇਹ ਪ੍ਰਾਜੈਕਟ ਸਿਰੇ ਨਹੀਂ ਚੜ੍ਹ ਸਕਿਆ ਸੀ। ਹਾਲਾਂਕਿ ਹੁਣ ਪੰਜਾਬ ਸਰਕਾਰ ਨੇ ਇਸ ਦਿਸ਼ਾ ਵੱਲ ਕਦਮ ਪੁੱਟਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਦਿਸ਼ਾ ‘ਚ ਜਲਦੀ ਹੀ ਕੰਮ ਸ਼ੁਰੂ ਹੋ ਜਾਵੇਗਾ। ਇਸ ਨਾਲ ਇਲਾਕੇ ਦੇ ਵਿਕਾਸ ਨੂੰ ਵੀ ਹੁਲਾਰਾ ਮਿਲੇਗਾ। ਯਾਦ ਰਹੇ ਕਿ ਇਨ੍ਹੀਂ ਦਿਨੀਂ ਮੌਜੂਦਾ ਸਰਕਾਰ ਦਾ ਧਿਆਨ ਵੀ ਪਠਾਨਕੋਟ ਵਰਗੇ ਸ਼ਹਿਰਾਂ ਵੱਲ ਹੈ। ਸਰਕਾਰ ਇਨ੍ਹਾਂ ਸ਼ਹਿਰਾਂ ਨੂੰ ਮਾਡਲ ਸ਼ਹਿਰਾਂ ਵਜੋਂ ਵਿਕਸਤ ਕਰਨ ਲਈ ਯਤਨਸ਼ੀਲ ਹੈ। ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ।
ਪਠਾਨਕੋਟ ਜਿਲ੍ਹਾ ਸਰਹੱਦੀ ਇਲਾਕਾ ਹੈ, ਇਸ ਜਿਲ੍ਹੇ ਨੂੰ ਜੰਮੂ ਦੀ ਹੱਦ ਲੱਗਦੀ ਹੈ ਅਤੇ ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਵੀ ਥੋੜ੍ਹੀ ਦੂਰੀ ‘ਤੇ ਹੈ। ਪਾਕਿਸਤਾਨੀ ਅੱਤਵਾਦੀ ਪਠਾਨਕੋਟ ਵਿੱਚ ਵੀ ਕਈ ਅੱਤਵਾਦੀ ਹਮਲੇ ਕਰ ਚੁੱਕੇ ਹਨ। ਪਠਾਨਕੋਟ ਵਿੱਚ ਆਰਮੀ ਦੇ ਏਅਰਬੇਸ ‘ਤੇ ਵੀ ਅੱਤਵਾਦੀਆਂ ਨੇ ਹਮਲਾ ਕੀਤਾ ਸੀ। ਇਸੇ ਲਈ ਕੇਂਦਰ ਸਰਕਾਰ ਨੇ ਇਸ ਸਰਹੱਦੀ ਇਲਾਕੇ ਵਿੱਚ ਨੈਸ਼ਨਲ ਸਕਿਉਰਟੀ ਗਾਰਡ ਸੈਂਟਰ ਖੋਲ੍ਹਣ ਦਾ ਵਿਚਾਰ ਕੀਤਾ ਹੈ। ਜੇਕਰ ਪਠਾਨਕੋਟ ਵਿੱਚ ਨੈਸ਼ਨਲ ਸਕਿਉਰਟੀ ਗਾਰਡ ਕੇਂਦਰ ਬਣ ਜਾਂਦਾ ਹੈ ਤਾਂ ਇਸ ਨਾਲ ਅੰਮ੍ਰਿਤਸਰ, ਗੁਰਦਾਸਪੁਰ, ਜੰਮੂ ਅਤੇ ਕਸ਼ਮੀਰ ਦੀਆਂ ਅੰਤਰਰਾਸ਼ਟਰੀ ਸਰਹੱਦਾਂ ਵੀ ਕਵਰ ਹੋ ਜਾਣਗੀਆਂ।
ਨੈਸ਼ਨਲ ਸਕਿਓਰਿਟੀ ਗਾਰਡ (NSG – National Security Guard) ਦੁਨੀਆਂ ਦੀ ਸਭ ਤੋਂ ਉੱਚ ਸਿਖਲਾਈ ਪ੍ਰਾਪਤ ਅਤੇ ਚੰਗੀ ਤਰ੍ਹਾਂ ਲੈਸ ਫੋਰਸਾਂ ਵਿੱਚੋਂ ਇੱਕ ਹੈ ਜੋ ਕਿਸੇ ਵੀ ਸਥਿਤੀ ਨਾਲ ਨਜਿੱਠ ਸਕਦੀ ਹੈ। NSG ਲਈ ਚੁਣੇ ਗਏ ਸਭ ਤੋਂ ਵਧੀਆ ਅਤੇ ਫਿੱਟ ਜਵਾਨਾਂ ਅਤੇ ਅਫਸਰਾਂ ਨੂੰ ਕਈ ਦੌਰ ਦੀ ਸਿਖਲਾਈ ਅਤੇ ਸਖ਼ਤ ਪ੍ਰੀਖਿਆਵਾਂ ਵਿੱਚੋਂ ਗੁਜ਼ਰਨਾ ਪੈਂਦਾ ਹੈ। ਰਾਸ਼ਟਰੀ ਸੁਰੱਖਿਆ ਗਾਰਡ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਦਾ ਦੋਹਰਾ ਸੁਮੇਲ ਹੈ।