ਅੱਜ ਸਵੇਰੇ ਬੇ ਆਫ ਪਲੈਂਟੀ ਵਿੱਚ ਪੁਲਿਸ ਨੂੰ ਦੇਖ ਭੱਜਣ ਵਾਲੀ ਇੱਕ ਕਾਰ ਵਿੱਚੋਂ ਨਕਦੀ, ਮੈਥਾਮਫੇਟਾਮਾਈਨ ਅਤੇ ਇੱਕ ਹਥਿਆਰ ਬਰਾਮਦ ਹੋਇਆ ਹੈ। ਪੁਲਿਸ ਨੂੰ ਸਵੇਰੇ 4.15 ਵਜੇ ਦੇ ਕਰੀਬ ਪਾਪਾਮੋਆ ਬੀਚ ਦੇ ਆਲੇ ਦੁਆਲੇ ਇੱਕ ਕਾਰ ਸਬੰਧੀ ਸੂਚਨਾ ਦਿੱਤੀ ਗਈ ਸੀ ਜਿਸ ਵਿੱਚ ਕੋਈ ਲਾਈਟ ਵੀ ਨਹੀਂ ਸੀ। ਫੋਨ ਕਰਨ ਵਾਲੇ ਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ ਉਨ੍ਹਾਂ ‘ਤੇ ਹਥਿਆਰ ਲਹਿਰਾਇਆ ਗਿਆ ਸੀ। ਸਵੇਰੇ 5.30 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਅਧਿਕਾਰੀਆਂ ਨੂੰ ਟੀ ਪੁਕੇ ਦੇ ਸਟੇਸ਼ਨ ਰੋਡ ‘ਤੇ ਕਾਰ ਮਿਲੀ। ਇਸ ਦੌਰਾਨ ਪੁਲਿਸ ਨੇ ਰੁਕਣ ਲਈ ਕਿਹਾ ਪਰ ਡਰਾਈਵਰ ਨਹੀਂ ਰੁਕਿਆ। ਇਸ ਮਗਰੋਂ ਇੱਕ ਥਾਂ ਡਰਾਈਵਰ ਨੇ ਪੈਦਲ ਭੱਜਣ ਦੀ ਕੋਸ਼ਿਸ਼ ਕੀਤੀ ਪਰ ਤੁਰੰਤ ਅਧਿਕਾਰੀਆਂ ਨੇ ਉਸ ਨੂੰ ਫੜ ਲਿਆ। ਹੁਣ ਫੜੇ ਗਏ ਇੱਕ 29 ਸਾਲਾ ਵਿਅਕਤੀ ਨੂੰ ਸੋਮਵਾਰ ਨੂੰ ਟੌਰੰਗਾ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
