ਮੁਹਾਲੀ ਵਿੱਚ ਪੁਲਿਸ ਨੇ ਪੰਜਾਬੀ ਗਾਇਕ ਸਿੱਪੀ ਗਿੱਲ ਸਮੇਤ 10 ਵਿਅਕਤੀਆਂ ਖ਼ਿਲਾਫ਼ ਅਸਲਾ ਐਕਟ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਇਲਜ਼ਾਮ ਹੈ ਕਿ ਸਿੱਪੀ ਗਿੱਲ ਅਤੇ ਉਨ੍ਹਾਂ ਦੇ ਦੋਸਤਾਂ ਨੇ ਹੋਮਲੈਂਡ ਸੋਸਾਇਟੀ ਦੇ ਕੋਲ ਇੱਕ ਦੁਕਾਨ ਦੇ ਬਾਹਰ ਦੋ ਵਿਅਕਤੀਆਂ ਉੱਤੇ ਹਮਲਾ ਕੀਤਾ ਅਤੇ ਕੁੱਟਮਾਰ ਕੀਤੀ। ਪੁਲਿਸ ਨੇ ਗਾਇਕ ਸੰਦੀਪ ਸਿੰਘ ਗਿੱਲ ਉਰਫ਼ ਸਿੱਪੀ ਗਿੱਲ ਤੋਂ ਇਲਾਵਾ ਸੰਨੀ ਸੇਖੋਂ ਅਤੇ ਹਨੀ ਖ਼ਾਨ ਦੇ ਨਾਮ ਦਰਜ ਕਰ ਲਏ ਹਨ ਜਦਕਿ ਸੱਤ ਅਣਪਛਾਤੇ ਹਨ। ਪੁਲਿਸ ਮਾਮਲੇ ਦੀ ਸੱਚਾਈ ਦਾ ਪਤਾ ਲਗਾਉਣ ਲਈ ਘਟਨਾ ਵਾਲੀ ਥਾਂ ਦੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਸ਼ਿਕਾਇਤਕਰਤਾ ਪ੍ਰਾਪਰਟੀ ਡੀਲਰ ਕਮਲਜੀਤ ਸਿੰਘ ਸ਼ੇਰਗਿੱਲ ਨੇ ਪੁਲੀਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ 16 ਅਕਤੂਬਰ ਦੀ ਸ਼ਾਮ ਨੂੰ ਹੋਮਲੈਂਡ ਸੁਸਾਇਟੀ ਨੇੜੇ ਇੱਕ ਦੁਕਾਨ ’ਤੇ ਗਿਆ ਸੀ। ਇਸ ਦੌਰਾਨ ਉਸ ਦਾ ਦੋਸਤ ਤਨਿਸ਼ਕ ਵੀ ਉਸ ਦੇ ਨਾਲ ਸੀ। ਜਦੋਂ ਉਹ ਦੋਵੇਂ ਉਥੋਂ ਬਾਹਰ ਨਿਕਲੇ ਤਾਂ ਸੰਨੀ ਸੇਖੋਂ ਅਤੇ ਹਨੀ ਖਾਨ ਨੇ ਉਨ੍ਹਾਂ ਨੂੰ ਰੋਕ ਕੇ ਉਨ੍ਹਾਂ ਨੂੰ ਆਪਣੇ ਕੋਲ ਬੁਲਾ ਲਿਆ।
ਜਦੋਂ ਉਹ ਅਤੇ ਉਸ ਦਾ ਦੋਸਤ ਤਨਿਸ਼ਕ ਉਨ੍ਹਾਂ ਕੋਲ ਗਏ ਤਾਂ ਉਨ੍ਹਾਂ ਨੇ ਪਹਿਲਾਂ ਉਨ੍ਹਾਂ ਦਾ ਹਾਲ-ਚਾਲ ਪੁੱਛਿਆ ਤਾਂ ਇਸੇ ਦੌਰਾਨ ਸਿੱਪੀ ਗਿੱਲ ਉੱਥੇ ਆ ਗਏ। ਸਿੱਪੀ ਨੇ ਆਉਂਦਿਆਂ ਹੀ ਆਪਣੇ ਦੋਸਤਾਂ ਨਾਲ ਮਿਲ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਸ ਤੋਂ ਬਾਅਦ ਛੇ-ਸੱਤ ਹੋਰ ਲੜਕੇ ਆਏ ਅਤੇ ਉਨ੍ਹਾਂ ਨੇ ਵੀ ਉਨ੍ਹਾਂ ਦੀ ਕੁੱਟਮਾਰ ਕੀਤੀ। ਇਸ ਤੋਂ ਬਾਅਦ ਸਿੱਪੀ ਗਿੱਲ ਨੇ ਆਪਣਾ ਰਿਵਾਲਵਰ ਕੱਢ ਲਿਆ ਪਰ ਗੋਲੀ ਨਹੀਂ ਚਲਾਈ। ਕਮਲਜੀਤ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਸਿੱਪੀ ਗਿੱਲ ਨਾਲ ਉਸ ਦੀ ਪੁਰਾਣੀ ਜਾਣ-ਪਛਾਣ ਹੈ। ਸਿੱਪੀ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਉਸ ਨੇ ਉਨ੍ਹਾਂ ਮਾਮਲਿਆਂ ਵਿੱਚ ਕੁਝ ਲੋਕਾਂ ਦਾ ਸਮਰਥਨ ਕੀਤਾ ਸੀ। ਸਿੱਪੀ ਇਸ ਤੋਂ ਨਾਖੁਸ਼ ਸੀ।