ਲੀਜ਼ਾ ਕੈਰਿੰਗਟਨ ਬੀਤੇ ਦਿਨ K1 500 ਮੀਟਰ ਫਾਈਨਲ ਵਿੱਚ ਸੋਨ ਤਗਮਾ ਜਿੱਤਣ ਤੋਂ ਬਾਅਦ ਨਿਊਜ਼ੀਲੈਂਡ ਦੀ ਹੁਣ ਤੱਕ ਦੀ ਸਭ ਤੋਂ ਵਧੀਆ (decorated ) ਓਲੰਪੀਅਨ ਬਣ ਗਈ ਹੈ। ਕੈਰਿੰਗਟਨ ਨੇ ਬੀਤੇ ਦਿਨ K1 500 ਮੀਟਰ ਫਾਈਨਲ ਵਿੱਚ ਓਲੰਪਿਕ ਦੀ ਸਭ ਤੋਂ ਵੱਧ ਮੈਡਲ ਹਾਸਿਲ ਕਰਨ ਵਾਲੀ ਖਿਡਾਰਨ ਇਯਾਨ ਫਰਗਸਨ ਨੂੰ ਮਾਤ ਦੇ ਕੇ ਗੋਲਡ ‘ਤੇ ਕਬਜ਼ਾ ਕੀਤਾ ਹੈ। ਕੈਰਿੰਗਟਨ ਨੇ ਮੰਗਲਵਾਰ ਨੂੰ ਦੋ ਗੋਲਡ ਮੈਡਲ ਜਿੱਤੇ ਹਨ, ਉਸ ਨੇ ਪਹਿਲਾ ਆਪਣੇ K1 200 ਮੀਟਰ ਦੇ ਤਾਜ ਦਾ ਬਚਾਅ ਕੀਤਾ ਅਤੇ ਫਿਰ ਕੇ 2 500 ਮੀਟਰ ਦੇ ਖਿਤਾਬ ਲਈ ਕੈਟਲਿਨ ਰੀਗਲ ਨਾਲ ਸੰਯੁਕਤ ਰੂਪ ‘ਚ ਜਿੱਤ ਦਰਜ ਕੀਤੀ।
ਕੈਰਿੰਗਟਨ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਟੋਕਿਓ ਵਿੱਚ ਇੱਕ ਹਫ਼ਤੇ ਵਿੱਚ ਤਿੰਨ ਸੋਨ ਤਮਗੇ ਜਿੱਤਣ ਬਾਰੇ ਕਿਵੇਂ ਮਹਿਸੂਸ ਹੋਇਆ ਹੈ, ਤਾਂ ਕੈਰਿੰਗਟਨ ਨੇ ਕਿਹਾ ਕਿ “ਮੈਨੂੰ ਬਹੁਤ ਮਾਣ ਹੈ ਅਤੇ ਬਹੁਤ ਹੈਰਾਨ ਹਾਂ ਕਿ ਅਸਲ ਵਿੱਚ ਇਸ ਹਫਤੇ ਕੀ ਹੋਇਆ।” ਇਸ ਦੌਰਾਨ ਕੈਰਿੰਗਟਨ ਨੇ ਆਪਣੇ ਸਾਰੇ ਸਮਰਥਕਾਂ ਦਾ ਉਤਸਾਹਿਤ ਕਰਨ ਲਈ ਧੰਨਵਾਦ ਕੀਤਾ। ਕੈਰਿੰਗਟਨ ਨੇ ਓਲੰਪਿਕ ਖੇਡਾਂ ਵਿੱਚ ਹੁਣ ਤੱਕ ਕੁੱਲ 5 ਗੋਲਡ ਮੈਡਲ ਜਿੱਤ ਕੇ ਨਿਊਜੀਲੈਂਡ ਦੀ ਸਭ ਤੋਂ ਵਧੀਆ ਓਲੰਪਿਕ ਖਿਡਾਰਣ ਹੋਣ ਦਾ ਮਾਣ ਹਾਸਿਲ ਕੀਤਾ ਹੈ। ਕੈਰਿੰਗਟਨ ਨੇ ਓਲੰਪਿਕ ਖੇਡਾਂ ਵਿੱਚ ਕੁੱਲ 7 ਮੈਡਲ ਆਪਣੇ ਨਾਮ ਕੀਤੇ ਹਨ।