ਦੱਖਣੀ ਆਕਲੈਂਡ ਵਿੱਚ ਕਾਰਪੇਟ ਗਲੂ ਲੈ ਕੇ ਜਾ ਰਹੇ ਇੱਕ ਟਰੱਕ ਦੇ ਹਾਦਸਾਗ੍ਰਸਤ ਹੋਣ ਕਾਰਨ ਸੜਕ ਉੱਤੇ ਗਲੂ (ਗੂੰਦ) ਲੀਕ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਕਾਰਨ ਸੜਕ ‘ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਵੀ ਦੇਖਣ ਨੂੰ ਮਿਲੀਆਂ। ਦੱਸ ਦੇਈਏ ਇਹ ਘਟਨਾ Wiri ਵਿੱਚ Roscommon Rd ‘ਤੇ ਵਾਪਰੀ ਜਿਸ ਕਾਰਨ ਖੇਤਰ ਵਿੱਚ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਪੁਲਿਸ ਦੇ ਵੱਲੋਂ ਵੀ ਵਾਹਨ ਚਾਲਕਾਂ ਨੂੰ ਰਾਜ ਮਾਰਗ 20 ‘ਤੇ ਦੱਖਣ ਵੱਲ ਜਿਆਦਾ ਟਾਈਮ ਲੱਗਣ ਦੀ ਜਾਣਕਾਰੀ ਦਿੱਤੀ ਗਈ ਸੀ ਜਦਕਿ ਪੱਛਮ ਵੱਲ ਜਾਣ ਵਾਲੀਆਂ ਲੇਨਾਂ ਨੂੰ ਸਫਾਈ ਲਈ ਬੰਦ ਕਰ ਦਿੱਤਾ ਗਿਆ ਸੀ। ਹਾਲਾਂਕਿ ਰਾਹਤ ਵਾਲੀ ਗੱਲ ਹੈ ਕਿ ਇਸ ਹਾਦਸੇ ਕਾਰਨ ਕੋਈ ਜ਼ਖਮੀ ਨਹੀਂ ਹੋਇਆ।ਘਟਨਾ ਨਿਯੰਤਰਣ ਬ੍ਰੈਡ ਹਾਰਵੇ ਨੇ ਕਿਹਾ ਕਿ ਉਹ ਨਦੀਆਂ ਅਤੇ ਜਲ ਮਾਰਗਾਂ ਦੇ ਹੇਠਾਂ ਜਾ ਰਹੇ ਗੂੰਦ ਨੂੰ ਰੋਕਣ ਲਈ ਖੇਤਰ ਵਿੱਚ ਡਰੇਨਾਂ ਨੂੰ ਬੰਨ੍ਹਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ “ਅਸੀਂ ਉਤਪਾਦ ਦੀ ਸਫਾਈ ਲਈ ਤਾਲਮੇਲ ਕਰਨ ਲਈ ਵਾਕਾ ਕੋਟਾਹੀ ਅਤੇ ਕੌਂਸਲ ਅਤੇ ਟ੍ਰਾਂਸਪੋਰਟ ਕੰਪਨੀ ਨਾਲ ਕੰਮ ਕਰ ਰਹੇ ਹਾਂ। ਹਾਲਾਂਕਿ ਇਹ ਉਤਪਾਦ ਲੋਕਾਂ ਲਈ ਖਤਰਨਾਕ ਨਹੀਂ ਹੈ ਪਰ ਵਾਤਾਵਰਣ ਲਈ ਖਤਰਾ ਪੈਦਾ ਕਰ ਸਕਦਾ ਹੈ।
