ਵੀਰਵਾਰ ਦੁਪਹਿਰ ਵੇਲੇ ਕੈਂਟਰਬਰੀ ਵਿੱਚ ਵਾਹਨ ਚੋਰੀ ਦੀ ਇੱਕ ਘਟਨਾ ਦੇ ਬਾਅਦ ਪੰਜ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਇੰਨਾਂ ਲੁਟੇਰਿਆਂ ਦਾ ਲਿਟਲਟਨ ਸੁਰੰਗ ਨਜ਼ਦੀਕ ਕ੍ਰਾਈਸਚਰਚ ਵਾਲੇ ਪਾਸੇ ਐਕਸੀਡੈਂਟ ਹੋਇਆ ਸੀ। ਕੈਂਟਰਬਰੀ ਮੈਟਰੋ ਦੇ ਕਮਾਂਡਰ ਸੁਪਰਡੈਂਟ ਲੇਨ ਟੌਡ ਨੇ ਕਿਹਾ ਕਿ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਦਾ ਪਿਛਲੇ ਹਫ਼ਤੇ ਕ੍ਰਾਈਸਚਰਚ ਵਿੱਚ ਵਾਪਰੀਆਂ ਕਈ ਗੰਭੀਰ ਘਟਨਾਵਾਂ ਨਾਲ ਕੋਈ ਸਬੰਧ ਹੈ ਜਾ ਨਹੀਂ। ਇਹ ਲੁਟੇਰੇ ਸੜਕ ‘ਤੇ ਗੱਡੀ ਵੀ ਗਲਤ ਤਰੀਕੇ ਨਾਲ ਚਲਾ ਰਹੇ ਸੀ ਜਿਸ ਬਾਰੇ ਪੁਲਿਸ ਨੂੰ 111 ‘ਤੇ ਲੋਕਾਂ ਨੇ ਕਈ ਕਾਲਾਂ ਕੀਤੀਆਂ ਸਨ। ਇਸ ਵਿੱਚ ਸੜਕ ਦੇ ਗਲਤ ਪਾਸੇ ਗੱਡੀ ਚਲਾਉਣਾ ਵੀ ਸ਼ਾਮਿਲ ਹੈ। ਚਾਰ ਕਿਸ਼ੋਰ ਲੜਕਿਆਂ ਨੂੰ ਹਾਦਸੇ ਵਾਲੇ ਸਥਾਨ ਤੋਂ ਹਿਰਾਸਤ ਵਿਚ ਲਿਆ ਗਿਆ ਸੀ ਅਤੇ ਪੰਜਵੇਂ ਨੂੰ ਨਿਊ ਬ੍ਰਾਈਟਨ ਦੇ ਪਤੇ ‘ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਗ੍ਰਿਫਤਾਰ ਪੰਜਾਂ ਨੌਜਵਾਨਾਂ ਦੀ ਉਮਰ 13 ਤੋਂ 15 ਸਾਲ ਦੇ ਵਿਚਕਾਰ ਹੈ।