ਅੰਡਰ-19 ਵਿਸ਼ਵ ਕੱਪ ਖੇਡਣ ਲਈ ਵੈਸਟਇੰਡੀਜ਼ ਪਹੁੰਚੀ ਭਾਰਤੀ ਟੀਮ ਨੂੰ ਵੱਡਾ ਝਟਕਾ ਲੱਗਿਆ ਹੈ। ਦਰਅਸਲ ਟੀਮ ਇੰਡੀਆ ਦੇ 5 ਖਿਡਾਰੀ ਕੋਰੋਨਾ ਪੌਜੇਟਿਵ ਪਾਏ ਗਏ ਹਨ, ਜਿਨ੍ਹਾਂ ‘ਚ ਕਪਤਾਨ ਯਸ਼ ਧੂਲ ਦਾ ਨਾਂ ਵੀ ਸ਼ਾਮਿਲ ਹੈ। ਇਸ ਕਾਰਨ ਬੁੱਧਵਾਰ ਨੂੰ ਖੇਡੇ ਗਏ ਮੈਚ ‘ਚ ਯਸ਼ ਧੂਲ ਮੈਦਾਨ ‘ਤੇ ਨਹੀਂ ਆਏ ਅਤੇ ਉਨ੍ਹਾਂ ਦੀ ਜਗ੍ਹਾ ਨਿਸ਼ਾਂਤ ਸਿੱਧੂ ਨੂੰ ਕਪਤਾਨੀ ਕਰਨੀ ਪਈ। ਭਾਰਤੀ ਟੀਮ ਨੇ ਬੁੱਧਵਾਰ ਨੂੰ ਆਇਰਲੈਂਡ ਖਿਲਾਫ ਆਪਣਾ ਮੈਚ ਖੇਡਿਆ ਹੈ।
ਜਾਣਕਾਰੀ ਮੁਤਾਬਿਕ ਕਪਤਾਨ ਯਸ਼ ਧੂਲ, ਉਪ ਕਪਤਾਨ ਐਸਕੇ ਰਾਸ਼ਿਦ ਸਮੇਤ ਪੰਜ ਖਿਡਾਰੀਆਂ ਨੂੰ ਹੁਣ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਟੀਮ ਇੰਡੀਆ ਦੇ ਕੁੱਝ ਹੋਰ ਖਿਡਾਰੀਆਂ ਨੂੰ ਵੀ ਏਕਾਂਤਵਾਸ ਕਰ ਦਿੱਤਾ ਗਿਆ ਹੈ। ਭਾਰਤ ਨੂੰ ਆਇਰਲੈਂਡ ਖਿਲਾਫ ਪਲੇਇੰਗ-11 ਦੀ ਤਿਆਰੀ ‘ਚ ਵੀ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਤੁਹਾਨੂੰ ਦੱਸ ਦੇਈਏ ਕਿ ਟੀਮ ਇੰਡੀਆ ਨੇ ਜਿੱਤ ਦੇ ਨਾਲ ਆਪਣੇ ਮਿਸ਼ਨ ਦੀ ਸ਼ੁਰੂਆਤ ਕੀਤੀ ਸੀ, ਉਹ ਇਸ ਸਮੇਂ ਆਪਣੇ ਗਰੁੱਪ ‘ਚ ਟਾਪ ‘ਤੇ ਚੱਲ ਰਹੀ ਹੈ। ਬੁੱਧਵਾਰ ਨੂੰ ਭਾਰਤੀ ਟੀਮ ਨੇ ਆਇਰਲੈਂਡ ਨਾਲ ਮੈਚ ਖੇਡਿਆ ਹੈ ਅਤੇ ਹੁਣ 22 ਜਨਵਰੀ ਨੂੰ ਯੂਗਾਂਡਾ ਨਾਲ ਮੈਚ ਖੇਡਿਆ ਜਾਵੇਗਾ।