ਪੰਜਾਬ ਵਿੱਚ 2022 ਵਿੱਚ ਹੋਣ ਵਾਲੀਆਂ ਚੋਣਾਂ ਲਈ ਹਰ ਪਾਰਟੀ ਤਿਆਰੀ ਕਰ ਰਹੀ ਹੈ, ਤਾਂ ਉੱਥੇ ਹੀ ਕਾਂਗਰਸ ਦਾ ਅੰਦਰੂਨੀ ਕਲੇਸ਼ ਅਜੇ ਖਤਮ ਹੁੰਦਾ ਨਜ਼ਰ ਨਹੀਂ ਆ ਰਿਹਾ। ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਨੂੰ ਲੈ ਕੇ ਹਾਈਵੋਲਟੇਜ ਡਰਾਮਾ ਜਾਰੀ ਹੈ। ਬੀਤੇ ਦਿਨ ਸਿੱਧੂ ਨੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨਾਲ ਪਾਰਟੀ ਦੀ ਕਾਰਜਕਾਰੀ ਰਾਸ਼ਟਰੀ ਪ੍ਰਧਾਨ ਸੋਨੀਆ ਗਾਂਧੀ ਨਾਲ ਮੀਟਿੰਗ ਕੀਤੀ ਸੀ। ਇਸਦੇ ਨਾਲ ਹੀ ਸਿੱਧੂ ਦੀ ਮੁਲਾਕਾਤ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਨੀਆ ਗਾਂਧੀ ਨੂੰ ਇੱਕ ਪੱਤਰ ਲਿਖਿਆ। ਮਿਲੀ ਜਾਣਕਾਰੀ ਮੁਤਾਬਕ ਕੈਪਟਨ ਨੇ ਸੋਨੀਆ ਨੂੰ ਲਿਖਿਆ ਹੈ ਕਿ ਜੇਕਰ ਸਿੱਧੂ ਨੂੰ ਕਾਂਗਰਸ ਦਾ ਸੂਬਾ ਪ੍ਰਧਾਨ ਬਣਾਇਆ ਗਿਆ ਤਾਂ ਕਾਂਗਰਸ ਵਿੱਚ ਫੁੱਟ ਪੈ ਜਾਏਗੀ।
ਕੈਪਟਨ ਨੇ ਨਾਰਾਜ਼ਗੀ ਪ੍ਰਗਟਾਉਂਦੇ ਹੋਏ ਸੋਨੀਆ ਗਾਂਧੀ ਨੂੰ ਸੂਬੇ ਦੀ ਸਿਆਸਤ ਵਿੱਚ ਦਖਲ ਨਾ ਦੇਣ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਲਿਖਿਆ ਕਿ ਇਸ ਨਾਲ ਪੰਜਾਬ ਵਿੱਚ ਆਉਣ ਵਾਲੀਆਂ ਚੋਣਾਂ ‘ਤੇ ਸਿੱਧਾ ਅਸਰ ਪੈ ਸਕਦਾ ਹੈ। ਉਨ੍ਹਾਂ ਲਿਖਿਆ ਕਿ ਹਾਈਕਮਾਨ ਨੂੰ ਸਮਝਣਾ ਚਾਹੀਦਾ ਹੈ ਕਿ ਪੰਜਾਬ ਦੇ ਹਾਲਾਤ ਇੰਨੇ ਅਨੁਕੂਲ ਨਹੀਂ ਹਨ ਅਤੇ ਇਸ ਦਾ ਨੁਕਸਾਨ ਪਾਰਟੀ ਤੇ ਸਰਕਾਰ ਦੋਵਾਂ ਨੂੰ ਝੱਲਣਾ ਪੈ ਸਕਦਾ ਹੈ। ਇਸ ਦੇ ਨਾਲ ਹੀ ਹਰੀਸ਼ ਰਾਵਤ ਸ਼ਨੀਵਾਰ ਨੂੰ ਵਿਵਾਦ ਸੁਲਝਾਉਣ ਲਈ ਚੰਡੀਗੜ੍ਹ ਆਉਣਗੇ। ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਨਗੇ ਅਤੇ ਪੂਰੇ ਮਾਮਲੇ ਬਾਰੇ ਵਿਚਾਰ-ਵਟਾਂਦਰੇ ਕਰਨਗੇ। ਇਸ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਦੇ ਮਾਮਲੇ ਸਬੰਧੀ ਸਥਿਤੀ ਸਾਫ ਹੋ ਜਾਵੇਗੀ।