ਵਿਜੀਲੈਂਸ ਟੀਮ ਨੇ ਲੁਧਿਆਣਾ ਦੇ ਪਿੰਡ ਸਿੱਧਵਾਂ ਬੇਟ ਵਿੱਚ ਸਟਰੀਟ ਲਾਈਟ ਘੁਟਾਲੇ ਵਿੱਚ ਪੰਜਾਬ ਕਾਂਗਰਸ ਦੇ ਸਕੱਤਰ ਕੈਪਟਨ ਸੰਦੀਪ ਸੰਧੂ ਨੂੰ ਨਾਮਜ਼ਦ ਕੀਤਾ ਹੈ। ਸੰਧੂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਰਹਿ ਚੁੱਕੇ ਹਨ। ਮੁਲਜ਼ਮਾਂ ਨੇ 26 ਪਿੰਡਾਂ ਵਿੱਚ ਲਗਾਈਆਂ ਜਾਣ ਵਾਲੀਆਂ ਸਟਰੀਟ ਲਾਈਟਾਂ 65 ਲੱਖ ਰੁਪਏ ਵਿੱਚ ਮਨਜ਼ੂਰਸ਼ੁਦਾ ਰੇਟ ਤੋਂ ਦੁੱਗਣੀ ਕੀਮਤ ’ਤੇ ਖਰੀਦੀਆਂ ਸਨ। ਮਾਮਲੇ ਦੀ ਜਾਂਚ ਵਿੱਚ ਸਰਕਾਰੀ ਗਰਾਂਟ ਵਿੱਚ ਇਹ ਗਬਨ ਦਾ ਖੁਲਾਸਾ ਹੋਇਆ ਸੀ। ਇਸ ਤੋਂ ਪਹਿਲਾਂ 28 ਸਤੰਬਰ ਨੂੰ ਵਿਜੀਲੈਂਸ ਨੇ ਕੈਪਟਨ ਸੰਧੂ ਦੇ ਦੂਰ ਦੇ ਰਿਸ਼ਤੇਦਾਰ ਨੂੰ ਵੀ ਨਾਮਜ਼ਦ ਕੀਤਾ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਵਿਜੀਲੈਂਸ ਦੀ ਪੜਤਾਲ ਨੰਬਰ 03, 12-07-2022 ਵਿੱਚ ਪਾਇਆ ਗਿਆ ਕਿ ਸਤਵਿੰਦਰ ਸਿੰਘ ਬੀਡੀਪੀਓ (ਹੁਣ ਮੁਅੱਤਲ) ਸਿੱਧਵਾਂ ਬੇਟ ਬਲਾਕ ਨੇ ਆਪਣੀ ਤਾਇਨਾਤੀ ਦੌਰਾਨ 26 ਪਿੰਡਾਂ ਵਿੱਚ ਸਟਰੀਟ ਲਾਈਟਾਂ ਲਗਾਉਣ ਲਈ ਸਰਕਾਰੀ ਫੰਡ ਪ੍ਰਾਪਤ ਕੀਤੇ ਸਨ। ਉਕਤ ਬੀਡੀਪੀਓ ਨੇ ਮੈਸਰਜ਼ ਅਮਰ ਇਲੈਕਟ੍ਰੀਕਲ ਐਂਟਰਪ੍ਰਾਈਜ਼ ਦੇ ਮਾਲਕ ਗੌਰਵ ਸ਼ਰਮਾ ਨਾਲ ਮਿਲ ਕੇ 3325 ਰੁਪਏ ਦੀ ਬਜਾਏ 7,288 ਰੁਪਏ ਪ੍ਰਤੀ ਲਾਈਟ ਦੇ ਹਿਸਾਬ ਨਾਲ ਲਾਈਟਾਂ ਖਰੀਦੀਆਂ।
ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਨੇ 65 ਲੱਖ ਰੁਪਏ ਦੇ ਸਰਕਾਰੀ ਫੰਡ ਦੀ ਦੁਰਵਰਤੋਂ ਕੀਤੀ ਅਤੇ ਸਰਕਾਰੀ ਖਜ਼ਾਨੇ ਨੂੰ ਵਿੱਤੀ ਨੁਕਸਾਨ ਪਹੁੰਚਾਇਆ। ਸਤਵਿੰਦਰ ਸਿੰਘ ਕੰਗ ਬੀ.ਡੀ.ਪੀ.ਓ. ਅਤੇ ਮੈਸਰਜ਼ ਅਮਰ ਇਲੈਕਟ੍ਰੀਕਲ ਇੰਟਰਪ੍ਰਾਈਜਿਜ਼ ਦੇ ਗੌਰਵ ਸ਼ਰਮਾ ਵਿਰੁੱਧ ਵਿਜੀਲੈਂਸ ਲੁਧਿਆਣਾ ਵਿੱਚ ਕੇਸ ਦਰਜ ਕੀਤਾ ਗਿਆ ਸੀ। ਇਸ ਦੌਰਾਨ ਵੀਡੀਓ ਤੇਜਾ ਸਿੰਘ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ।