ਬਹੁ-ਕਰੋੜੀ ਡਰੱਗ ਰੈਕੇਟ ਕੇਸ ਵਿੱਚ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਖਿਲਾਫ ਕਾਰਵਾਈ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੀ ਭਾਈਵਾਲ ਪਾਰਟੀ ਬੀਜੇਪੀ ਦਾ ਵੱਖ-ਵੱਖ ਸਟੈਂਡ ਨਜ਼ਰ ਆਇਆ ਹੈ। ਜਿੱਥੇ ਬੀਜੇਪੀ ਨੇ ਇਸ ਕਾਰਵਾਈ ਨੂੰ ਦੇਰ ਆਏ, ਦਰੁਸਤ ਆਏ ਕਹਿ ਕੇ ਸਹੀ ਕਰਾਰ ਦਿੱਤਾ ਹੈ, ਉੱਤੇ ਹੀ ਕੈਪਟਨ ਨੇ ਇਸ ਨੂੰ ਗਲਤ ਕਰਾਰ ਦਿੱਤਾ ਹੈ।
ਕੈਪਟਨ ਨੇ ਕਿਹਾ ਕਿ ਉਹ ਡਰੱਗਜ਼ ਮਾਮਲੇ ਬਾਰੇ ਹਰ ਪਹਿਲੂ ਨੂੰ ਡੂੰਘਾਈ ਨਾਲ ਜਾਣਦੇ ਹਨ, ਬਿਨਾਂ ਕਿਸੇ ਗਵਾਹੀ ਅਤੇ ਬਿਨਾਂ ਕਿਸੇ ਸਬੂਤ ਤੋਂ ਪਰਚਾ ਦਰਜ ਕਰਨਾ ਸਰਾਸਰ ਗ਼ਲਤ ਹੈ। ਉਨ੍ਹਾਂ ਕਿਹਾ ਕਿ ਸਿਆਸੀ ਦੁਸਮਣੀ ਕੱਢਣ ਲਈ ਇਹ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਕੇਸ ਇੱਕ ਲਿਫ਼ਾਫ਼ੇ ‘ਚ ਸੀਲ ਬੰਦ ਹਾਈਕੋਰਟ ‘ਚ ਪਿਆ ਹੈ ਇਸ ਲਈ ਕਿਸ ਅਧਾਰ ‘ਤੇ ਪਰਚਾ ਦਰਜ ਕੀਤਾ ਗਿਆ ਹੈ। ਇਸ ਦੇਸ਼ ਵਿੱਚ ਕੋਈ ਕਾਨੂੰਨ ਨਹੀਂ ਹੈ। ਤੁਸੀਂ ਬਿਨਾਂ ਕਿਸੇ ਸਬੂਤ ਦੇ ਕਿਸੇ ‘ਤੇ ਪਰਚਾ ਕਿਵੇਂ ਕਰ ਸਕਦੇ ਹੋ।