ਭਾਰਤੀ ਮੂਲ ਦੀ ਪੁਲਿਸ ਅਧਿਕਾਰੀ ਕੈਪਟਨ ਪ੍ਰਤਿਮਾ ਭੁੱਲਰ ਮਾਲਡੋਨਾਡੋ ਨੂੰ ਅਮਰੀਕਾ ਵਿੱਚ ਇੱਕ ਮਾਣ ਹਾਸਿਲ ਹੋਇਆ ਹੈ। ਦਰਅਸਲ ਪ੍ਰਤਿਮਾ ਉੱਥੋਂ ਦੇ ਨਿਊਯਾਰਕ ਪੁਲਿਸ ਵਿਭਾਗ ਵਿੱਚ ਉੱਚ ਦਰਜੇ ਦੀ ਦੱਖਣੀ ਏਸ਼ੀਆਈ ਮਹਿਲਾ ਬਣ ਗਏ ਹਨ। ਉਹ ਨਿਊਯਾਰਕ ਵਿੱਚ ਸਾਊਥ ਰਿਚਮੰਡ ਹਿੱਲ, ਕੁਈਨਜ਼ ਵਿੱਚ 102ਵੇਂ ਪੁਲਿਸ ਕੁਆਰਟਰ ਦਾ ਸੰਚਾਲਨ ਕਰਦੇ ਹਨ। ਕੈਪਟਨ ਪ੍ਰਤਿਮਾ ਭੁੱਲਰ ਮਾਲਡੋਨਾਡੋ ਇੱਕ ਭਾਰਤੀ ਮੂਲ ਦੀ ਮਹਿਲਾ ਅਧਿਕਾਰੀ ਹਨ ਜਿਨ੍ਹਾਂ ਨੂੰ ਹਾਲ ਹੀ ਵਿੱਚ ਨਿਊਯਾਰਕ ਪੁਲਿਸ ਨੇ ਕੈਪਟਨ ਦੇ ਅਹੁਦੇ ਲਈ ਤਰੱਕੀ ਦਿੱਤੀ ਹੈ। ਤਰੱਕੀ ਤੋਂ ਬਾਅਦ ਉਹ ਉੱਚ ਦਰਜੇ ਦੀ ਦੱਖਣੀ ਏਸ਼ੀਆਈ ਮਹਿਲਾ ਬਣ ਗਏ ਹਨ। ਸੀਬੀਐਸ ਦੀ ਰਿਪੋਰਟ ਦੇ ਹਵਾਲੇ ਨਾਲ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਉਨ੍ਹਾਂ ਨੂੰ ਪਿਛਲੇ ਮਹੀਨੇ ਹੀ ਪ੍ਰਮੋਸ਼ਨ ਦਿੱਤੀ ਗਈ ਸੀ। ਪ੍ਰਤਿਮਾ ਦੇ 4 ਬੱਚੇ ਹਨ, ਇਸ ਦੇ ਬਾਵਜੂਦ ਉਨ੍ਹਾਂ ਦੇ ਕੰਮ ਪ੍ਰਤੀ ਸਮਰਪਣ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਇਹ ਅਹੁਦਾ ਦਿੱਤਾ ਗਿਆ ਹੈ। ਉਨ੍ਹਾਂ ਦਾ ਜਨਮ ਪੰਜਾਬ ਵਿੱਚ ਹੋਇਆ ਸੀ ਅਤੇ 9 ਸਾਲ ਦੀ ਉਮਰ ਤੱਕ ਉਹ ਇੱਥੇ ਹੀ ਰਹੇ ਸਨ। ਇਸ ਤੋਂ ਬਾਅਦ ਉਹ ਕੁਈਨਜ਼, ਨਿਊਯਾਰਕ ਚਲੇ ਗਏ ਸੀ।
ਪ੍ਰਤਿਮਾ ਨੇ ਕਿਹਾ ਕਿ ਇਹ ਪ੍ਰਮੋਸ਼ਨ ਉਨ੍ਹਾਂ ਲਈ ਘਰ ਵਾਪਸੀ ਵਰਗਾ ਹੈ, ਕਿਉਂਕਿ ਉਸ ਨੇ ਆਪਣੇ ਕਰੀਅਰ ਦੇ 25 ਸਾਲ ਇਸ ਨੂੰ ਦਿੱਤੇ ਹਨ। ਅਸਲ ਵਿੱਚ ਬਹੁਤ ਸਾਰੇ ਸਿੱਖ ਪਰਿਵਾਰ ਸਾਊਥ ਰਿਚਮੰਡ ਹਿੱਲ ਵਿੱਚ ਰਹਿੰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਜਦੋਂ ਉਹ ਛੋਟੀ ਸੀ ਤਾਂ ਇੱਥੋਂ ਦੇ ਸਥਾਨਕ ਗੁਰਦੁਆਰੇ ‘ਚ ਜਾਂਦੀ ਸੀ, ਹੁਣ ਉਹ ਕੈਪਟਨ ਵਜੋਂ ਵੀ ਉਸੇ ਗੁਰਦੁਆਰਾ ਸਾਹਿਬ ‘ਚ ਸ਼ੁਕਰਾਨਾ ਕਰਨ ਜਾਣਗੇ। ਇਹ ਸੋਚ ਕੇ ਉਹ ਬਹੁਤ ਖੁਸ਼ ਹਨ। ਉਨ੍ਹਾਂ ਦੀ ਨਵੀਂ ਭੂਮਿਕਾ ਕਮਿਊਨਿਟੀ ਪੁਲਿਸਿੰਗ ਵਿੱਚ ਮਦਦ ਕਰੇਗੀ।
ਉਨ੍ਹਾਂ ਕਿਹਾ ਕਿ ਇਸ ਖੇਤਰ ਵਿੱਚ ਭਾਸ਼ਾ ਦੀ ਰੁਕਾਵਟ ਹੈ ਕਿਉਂਕਿ ਇੱਥੋਂ ਦੇ ਜ਼ਿਆਦਾਤਰ ਲੋਕ ਅੰਗਰੇਜ਼ੀ ਨੂੰ ਦੂਜੀ ਭਾਸ਼ਾ ਮੰਨਦੇ ਹਨ। ਪ੍ਰਤਿਮਾ ਇਸ ਅਹੁਦੇ ‘ਤੇ ਪਹੁੰਚਣ ਵਾਲੀ ਨਿਊਯਾਰਕ ਪੁਲਿਸ ਵਿਭਾਗ ਦੀ ਪਹਿਲੀ ਦੱਖਣੀ ਏਸ਼ੀਆਈ ਮਹਿਲਾ ਹੈ। ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਉਨ੍ਹਾਂ ਦੀ ਕਾਬਲੀਅਤ ਕਾਰਨ ਉਨ੍ਹਾਂ ਨੂੰ ਤਰੱਕੀ ਦਿੱਤੀ ਗਈ ਹੈ ਕਿਉਂਕਿ ਇਹ ਕੈਪਟਨ ਬਹੁਤ ਹੀ ਜ਼ਿੰਮੇਵਾਰ ਅਹੁਦਾ ਹੈ। ਪ੍ਰਤਿਮਾ ਨੇ ਕਿਹਾ ਕਿ ਇਹ ਉਸ ਲਈ ਵੱਡੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਉਹ ਇਸ ਪੋਸਟ ਰਾਹੀਂ ਲੋਕਾਂ ਨੂੰ ਇੱਕ ਵਧੀਆ ਅਤੇ ਸਕਾਰਾਤਮਕ ਉਦਾਹਰਣ ਦੇਣਾ ਚਾਹੁੰਦੇ ਹਨ।