ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਰਾਹੁਲ ਗਾਂਧੀ ‘ਤੇ ਨਿਸ਼ਾਨਾ ਸਾਧਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ‘ਤੇ ਵੀ ਸਵਾਲ ਚੁੱਕੇ ਹਨ। ਇੱਕ ਨਿੱਜੀ ਚੈਨਲ ਦੇ ਪ੍ਰੋਗਰਾਮ ‘ਚ ਰਾਹੁਲ ਦੀ ਭਾਰਤ ਜੋੜੋ ਯਾਤਰਾ ‘ਤੇ ਨਿਸ਼ਾਨਾ ਸਾਧਦੇ ਹੋਏ ਕੈਪਟਨ ਨੇ ਕਿਹਾ ਕਿ ਲੋਕ ਸਿਰਫ ਘੁੰਮਣ-ਫਿਰਨ ਜਾ ਪੈਦਲ ਤੁਰਨ ਨਾਲ ਇਕਜੁੱਟ ਨਹੀਂ ਹੋਣਗੇ। ਲੋਕ ਉਨ੍ਹਾਂ ਦੀ ਨੀਤੀ, ਉਨ੍ਹਾਂ ਦੇ ਵਿਚਾਰਾਂ ਨਾਲ ਜੁੜਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਦੱਸਣਾ ਪਏਗਾ ਕਿ ਉਹ ਭਾਰਤ ਦੇ ਲੋਕਾਂ ਲਈ ਕੀ ਕਰਨਗੇ।
ਕੈਪਟਨ ਨੇ ਚੈਨਲ ਨਾਲ ਗੱਲਬਾਤ ਦੌਰਾਨ ਦੱਸਿਆ, ਜਿਸ ਨੂੰ ਉਹ (ਰਾਹੁਲ) ਜੋੜ ਰਹੇ ਹਨ। ਮੈਨੂੰ ਨਹੀਂ ਲੱਗਦਾ ਕਿ ਕੰਨਿਆਕੁਮਾਰੀ ਤੋਂ ਸ਼੍ਰੀਨਗਰ ਤੱਕ ਪੈਦਲ ਚੱਲਣ ਨਾਲ ਕੁੱਝ ਵੀ ਹੋਵੇਗਾ। ਲੋਕ ਉਨ੍ਹਾਂ ਦੀ ਨੀਤੀ, ਉਨ੍ਹਾਂ ਦੇ ਵਿਚਾਰਾਂ ਨਾਲ ਜੁੜਨਗੇ। ਤੁਹਾਨੂੰ ਵਿਸਥਾਰ ਨਾਲ ਦੱਸਣਾ ਪਏਗਾ ਕਿ ਤੁਸੀਂ ਭਾਰਤ ਦੇ ਲੋਕਾਂ ਲਈ ਕੀ ਕਰੋਗੇ। ਉਨ੍ਹਾਂ ਨੇ ਅੱਗੇ ਦੱਸਿਆ ਕਿ ਮੈਂ ਰਾਹੁਲ ਨੂੰ ਪਹਿਲਾਂ ਕਿਹਾ ਸੀ ਕਿ ਉਹ ਪਹਿਲਾਂ ਦੇਸ਼ ਨੂੰ ਦੇਖਣ ਅਤੇ ਇਸ ਨੂੰ ਸਮਝਣ। ਸ਼ਾਇਦ ਉਨ੍ਹਾਂ ਨੇ ਮੇਰੀ ਗੱਲ ਮੰਨ ਲਈ ਹੈ ਅਤੇ ਹੁਣ ਦੇਸ਼ ਨੂੰ ਦੇਖਣ ਅਤੇ ਸਮਝਣ ਲਈ ਨਿਕਲੇ ਹਨ। ਦੱਸ ਦੇਈਏ ਕਿ ਕੈਪਟਨ ਹਾਲ ਹੀ ਵਿੱਚ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋਏ ਸਨ।
ਇਸ ਦੇ ਨਾਲ ਹੀ ਭਾਜਪਾ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਆਪਣੇ ਸਿਆਸੀ ਭਵਿੱਖ ਬਾਰੇ ਗੱਲ ਕਰਦਿਆਂ 80 ਸਾਲਾ ਅਮਰਿੰਦਰ ਸਿੰਘ ਨੇ ਕਿਹਾ ਕਿ ਉਮਰ ਕੋਈ ਮਾਇਨੇ ਨਹੀਂ ਰੱਖਦੀ। ਸਿਹਤ ਮਾਇਨੇ ਰੱਖਦੀ ਹੈ। ਕੁੱਝ ਲੋਕ 40 ਸਾਲ ਦੀ ਉਮਰ ਵਿੱਚ ਵੀ ਬੁੱਢੇ ਲੱਗਦੇ ਹਨ। ਕੁੱਝ ਤਾਂ ਸਾਰੀ ਉਮਰ ਫਿੱਟ ਰਹਿੰਦੇ ਹਨ। ਮੇਰੇ ਕੋਲ ਹੁਣ 5-6 ਸਾਲ ਹਨ। ਮੈਂ ਪ੍ਰਧਾਨ ਮੰਤਰੀ ਨੂੰ ਇਹ ਵੀ ਕਿਹਾ ਸੀ ਕਿ ਉਹ ਮੈਨੂੰ ਪੰਜਾਬ ਜਾਂ ਰਾਸ਼ਟਰੀ ਪੱਧਰ ‘ਤੇ ਕਿਸੇ ਵੀ ਕੰਮ ਲਈ ਲਗਾ ਸਕਦੇ ਹਨ। ਮੇਰੇ ‘ਚ ਅਜੇ ਵੀ ਹਿੰਮਤ ਹੈ।