ਪੰਜਾਬ ‘ਚ ਅਗਲੇ ਮਹੀਨੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਜਿੱਥੇ ਸਿਆਸੀ ਆਗੂ ਇੱਕ ਦੂਜੇ ‘ਤੇ ਵਾਰ-ਪਲਟਵਾਰ ਕਰ ਰਹੇ ਹਨ ਉੱਥੇ ਹੀ ਵਾਅਦਿਆਂ ਅਤੇ ਦਾਅਵਿਆਂ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ। ਉੱਥੇ ਹੀ ਇਸ ਵਾਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਨਵੀਂ ਪਾਰਟੀ ਨਾਲ ਚੋਣ ਮੈਦਾਨ ਵਿੱਚ ਹਨ।
ਉਨ੍ਹਾਂ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਨੇ ਭਾਜਪਾ ਨਾਲ ਹੱਥ ਮਿਲਾ ਲਿਆ ਹੈ। ਅੱਜ ਆਪਣੀ ਸੀਟ ਦਾ ਐਲਾਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਪਟਿਆਲਾ ਸੀਟ ਤੋਂ ਚੋਣ ਲੜਨਗੇ। ਉਨ੍ਹਾਂ ਕਿਹਾ ਕਿ ਮੈਂ ਆਪਣੇ ਪਰਿਵਾਰ ਦਾ 300 ਸਾਲ ਪੁਰਾਣਾ ਘਰ ਨਹੀਂ ਛੱਡਾਂਗਾ ਅਤੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੀਆਂ ਪ੍ਰਾਪਤੀਆਂ ‘ਤੇ ਜਨਤਾ ਤੋਂ ਵੋਟਾਂ ਮੰਗਾਂਗਾ।
ਉਨ੍ਹਾਂ ਕਿਹਾ ਕਿ ਚੋਣਾਂ ਤੋਂ ਬਾਅਦ ਕਾਂਗਰਸ ਜਾਂ ‘ਆਪ’ ਨਾਲ ਗਠਜੋੜ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਅਸੀਂ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨਾਲ ਗੱਠਜੋੜ ਕਰਕੇ ਜਿੱਤਾਂਗੇ। ਜੇਕਰ ਚੋਣ ਕਮਿਸ਼ਨ ਪਾਬੰਦੀਆਂ ਵਿੱਚ ਢਿੱਲ ਦਿੰਦਾ ਹੈ ਤਾਂ ਮੈਂ 117 ਵਿਧਾਨ ਸਭਾਵਾਂ ਵਿੱਚ ਜਾਵਾਂਗਾ ਅਤੇ ਲੋਕਾਂ ਨਾਲ ਗੱਲ ਕਰਾਂਗਾ ਅਤੇ ਉਨ੍ਹਾਂ ਤੱਕ ਆਪਣਾ ਸੰਦੇਸ਼ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗਾ।