ਪੰਜਾਬ ‘ਚ ਅਗਲੇ ਮਹੀਨੇ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ, ਜਿਨ੍ਹਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਵੀ ਪੱਬਾਂ ਭਾਰ ਹਨ। ਇਸੇ ਵਿਚਕਾਰ ‘ਚ ਕਾਂਗਰਸ ਛੱਡ ਪੰਜਾਬ ਲੋਕ ਕਾਂਗਰਸ ਦੇ ਨਾਂਅ ‘ਤੇ ਆਪਣੀ ਪਾਰਟੀ ਬਣਾਉਣ ਵਾਲੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਸੋਮਵਾਰ ਨੂੰ ਨਵੀ ਪਾਰਟੀ ਦਾ ਚੋਣ ਨਿਸ਼ਾਨ ਮਿਲ ਗਿਆ ਹੈ। ਚੋਣ ਕਮਿਸ਼ਨ ਨੇ ਸੋਮਵਾਰ ਨੂੰ ਕੈਪਟਨ ਨੂੰ ਪਾਰਟੀ ਦਾ ਚੋਣ ਨਿਸ਼ਾਨ ਜਾਰੀ ਕੀਤਾ। ਪੰਜਾਬ ਲੋਕ ਕਾਂਗਰਸ ਨੂੰ ‘ਹਾਕੀ ਤੇ ਗੇਂਦ’ ਚੋਣ ਨਿਸ਼ਾਨ ਜਾਰੀ ਹੋਇਆ ਹੈ, ਜਿਸ ਸਹਾਰੇ ਉਹ ਪੰਜਾਬ ਦੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਲਈ ਚੋਣ ਮੈਦਾਨ ‘ਚ ਉੱਤਰਣਗੇ।
ਪਾਰਟੀ ਨੇ ਟਵੀਟ ਵਿੱਚ ਕਿਹਾ ਕਿ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਲੋਕ ਕਾਂਗਰਸ ਨੂੰ ਪਾਰਟੀ ਦਾ ਚੋਣ ਨਿਸ਼ਾਨ ਹਾਕੀ ਤੇ ਗੇਂਦ ਮਿਲ ਗਿਆ ਹੈ। ਪਾਰਟੀ ਨੇ ਕਿਹਾ ਕਿ ਹੁਣ ਸਿਰਫ ਗੋਲ ਕਰਨਾ ਬਾਕੀ ਹੈ।’ ਹਾਕੀ ਭਾਰਤ ਦਾ ਰਾਸ਼ਟਰੀ ਖੇਡ ਹੈ ਤੇ ਪੰਜਾਬ ਵਿੱਚ ਕਾਫੀ ਪ੍ਰਸਿੱਧ ਹੈ। ਸੂਬੇ ਦੇ ਪੇਂਡੂ ਇਲਾਕਿਆਂ ਵਿੱਚ ਇਸ ਨੂੰ ਸਭ ਤੋਂ ਜ਼ਿਆਦਾ ਖੇਡਿਆ ਜਾਂਦਾ ਹੈ।