ਕੈਨੇਡਾ ਪੁਲਿਸ ਨੂੰ ਚਾਰ ਪੰਜਾਬੀ ਮੁੰਡਿਆਂ ਦੀ ਭਾਲ ਹੈ। ਬਰੈਂਪਟਨ ਪੁਲਿਸ ਨੇ ਚਾਰ ਪੰਜਾਬੀ ਮੁੰਡਿਆਂ ਦੀਆਂ ਫੋਟੋਆਂ ਵਾਇਰਲ ਕੀਤੀਆਂ ਹਨ। ਇਨ੍ਹਾਂ ਚਾਰਾਂ ਮੁੰਡਿਆਂ ’ਤੇ ਇੱਕ ਵਿਅਕਤੀ ਉਤੇ ਹਮਲਾ ਕਰਨ ਦਾ ਦੋਸ਼ ਹੈ। ਬਰੈਂਪਟਨ ਵਿੱਚ ਕੀਤੇ ਗਏ ਹਮਲੇ ਦੇ ਸਬੰਧ ਵਿੱਚ ਪੀਲ ਪੁਲਿਸ ਦੇ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਵੱਲੋਂ ਫੋਟੋ ‘ਚ ਦਿਖਾਈ ਦੇ ਰਹੇ ਪੰਜਾਬੀ ਮੁੰਡਿਆਂ ਦੀ ਭਾਲ ਕੀਤੀ ਜਾ ਰਹੀ ਹੈ। ਇਨ੍ਹਾਂ ਚਾਰਾਂ ਲੜਕਿਆਂ ਨੂੰ ਲੱਭਣ ਲਈ ਪੁਲਿਸ ਵੱਲੋਂ ਜਨਤਾ ਨੂੰ ਮਦਦ ਕਰਨ ਦੀ ਅਪੀਲ ਵੀ ਕੀਤੀ ਗਈ ਹੈ।
8 ਸਤੰਬਰ ਨੂੰ ਰਾਤੀਂ 1:20 ਦੇ ਨੇੜੇ ਤੇੜੇ ਇੱਕ ਵਿਅਕਤੀ ਮੈਕਲਾਫਲਿਨ ਰੋਡ ਤੇ ਰੇਅ ਲਾਅਸਨ ਬੁਲੇਵਾਰਡ ਇਲਾਕੇ ਵਿੱਚ ਮੌਜੂਦ ਸੀ ਜਦੋਂ ਕਥਿਤ ਤੌਰ ਉੱਤੇ ਕਈ ਲੋਕਾਂ ਨੇ ਉਸ ਉੱ਼ਤੇ ਹਮਲਾ ਕਰ ਦਿੱਤਾ ਤੇ ਫਿਰ ਪੁਲਿਸ ਪਹੁੰਚਣ ਤੋਂ ਪਹਿਲਾਂ ਹੀ ਉੱਥੋਂ ਫਰਾਰ ਹੋ ਗਏ।ਉਸ ਵਿਅਕਤੀ ਨੂੰ ਗੰਭੀਰ ਸੱਟਾਂ ਲੱਗੀਆਂ ਪਰ ਉਹ ਜਾਨਲੇਵਾ ਨਹੀਂ ਸਨ ਤੇ ਉਸ ਨੂੰ ਇਲਾਜ ਲਈ ਲੋਕਲ ਹਸਪਤਾਲ ਲਿਜਾਇਆ ਗਿਆ। ਮਾਮਲੇ ਦੀ ਜਾਂਚ ਤੋਂ ਬਾਅਦ ਪੁਲਿਸ ਚਾਰ ਪੰਜਾਬੀ ਨੌਜਵਾਨਾਂ ਨੂੰ ਲੱਭ ਰਹੀ ਹੈ ਜਿਹੜੇ ਅਜੇ ਤੱਕ ਹੱਥ ਨਹੀਂ ਆਏ।
ਜਿਨ੍ਹਾਂ ਦੀ ਪੁਲਿਸ ਨੂੰ ਭਾਲ ਹੈ ਉਨ੍ਹਾਂ ਵਿੱਚ 22 ਸਾਲਾ ਆਫਤਾਬ ਗਿੱਲ, ਬਰੈਂਪਟਨ ਦਾ 22 ਸਾਲਾ ਹਰਮਨਦੀਪ ਸਿੰਘ, ਬਰੈਂਪਟਨ ਦਾ 25 ਸਾਲਾ ਜਤਿੰਦਰ ਸਿੰਘ ਤੇ ਬਰੈਂਪਟਨ ਦਾ ਹੀ 30 ਸਾਲਾ ਸਤਨਾਮ ਸਿੰਘ ਸ਼ਾਮਿਲ ਹਨ।